ਪਰਮਿੰਦਰ ਸਿੰਘ ਥਿੰਦ, ਗੁਰੂਹਰਸਹਾਏ : ਇਲਾਕੇ ਦੇ ਪਿੰਡ ਝੰਡੂਵਾਲਾ ਤੋਂ ਮੋਠਾਂਵਾਲਾ ਪਿੰਡ ਨੂੰ ਜਾਂਦੀ ਲਿੰਕ ਰੋਡ 'ਤੇ ਇਕ ਅਣਪਛਾਤੇ ਨੌਜਵਾਨ ਦੀ ਲਾਸ਼ ਮਿਲਣ ਨਾਲ ਚੁਫੇਰੇ ਸਨਸਨੀ ਫੈਲ ਗਈ। ਮ੍ਰਿਤਕ ਦੀ ਬਾਂਹ 'ਚ ਨਸ਼ੇ ਦਾ ਟੀਕਾ ਲੱਗਾ ਹੋਇਆ ਸੀ, ਜਿਸ ਤੋਂ ਲੱਗਦਾ ਹੈ ਕਿ ਉਕਤ ਨੌਜਵਾਨ ਦੀ ਮੌਤ ਨਸ਼ੇ ਦਾ ਟੀਕਾ ਲ਼ਗਾਉਣ ਕਾਰਨ ਹੋਈ ਹੈ। ਨੌਜਵਾਨ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ । ਥਾਣਾ ਮੁਖੀ ਜਸਵਰਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਝੰਡੂਵਾਲਾ ਦੇ ਸਰਪੰਚ ਨੇ ਲਿੰਕ ਰੋਡ ਉੱਪਰ ਇੱਕ ਨੌਜਵਾਨ ਦੀ ਲਾਸ਼ ਪਈ ਹੋਣ ਦੀ ਪੁਲਿਸ ਨੂੰ ਇਤਲਾਹ ਦਿੱਤੀ ਸੀ ਜਿਸ 'ਤੇ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਲਾਸ਼ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਥਾਣਾ ਮੁਖੀ ਨੇ ਦੱਸਿਆ ਕਿ ਉਕਤ ਨੌਜਵਾਨ ਦੀ ਬਾਂਹ ਉੱਪਰ ਅਜੇ ਨਾਂ ਲਿਖਿਆ ਹੋਇਆ ਹੈ ਅਤੇ ਉਸ ਦੀ ਬਾਂਹ ਉੱਪਰ ਸਰਿੰਜ ਲਟਕੀ ਹੋਈ ਸੀ ਪਰ ਉਸਦੀ ਜੇਬ ਵਿੱਚੋਂ ਕੋਈ ਵੀ ਸ਼ਨਾਖਤੀ ਪੱਤਰ ਨਹੀਂ ਸੀ। ਜਿਸ ਕਰਕੇ ਮ੍ਰਿਤਕ ਨੌਜਵਾਨ ਦੀ ਪਛਾਣ ਨਹੀਂ ਹੋ ਸਕੀ ਹੈ । ਥਾਣਾ ਮੁਖੀ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਦੀ ਲਾਸ਼ ਨੂੰ ਸਿਵਲ ਹਸਪਤਾਲ ਫਿਰੋਜ਼ਪੁਰ ਵਿਖੇ ਭੇਜ ਦਿੱਤਾ ਗਿਆ ਹੈ ,ਜਿਸ ਨੂੰ ਪਛਾਣ ਲਈ ਤਿੰਨ ਦਿਨ ਤੱਕ ਰੱਖਿਆ ਜਾਵੇਗਾ ।

Posted By: Jagjit Singh