ਪਰਮਿੰਦਰ ਸਿੰਘ ਥਿੰਦ, ਫਿਰੋਜ਼ਪੁਰ : ਮੰਗਲਵਾਰ ਸਵੇਰੇ ਜ਼ਿਲ੍ਹਾ ਪੁਲਿਸ ਮੁਖੀ ਫਿਰੋਜ਼ਪੁਰ ਦੇ ਪੁਰਾਣੇ ਦਫ਼ਤਰ ਦੇ ਬਾਹਰੋਂ ਇਕ ਅੱਧਖੜ ਵਿਅਕਤੀ ਦੀ ਲਾਸ਼ ਮਿਲਣ ਦੀ ਖ਼ਬਰ ਹੈ। ਸੈਰ ਕਰ ਰਹੇ ਲੋਕਾਂ ਵੱਲੋਂ ਇਤਲਾਹ ਕਰਨ 'ਤੇ ਮੌਕੇ 'ਤੇ ਪਹੁੰਚੀ ਥਾਣਾ ਕੈਂਟ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਮੌਕੇ 'ਤੇ ਪਹੁੰਚੇ ਤਫਤੀਸ਼ ਅਫਸਰ ਮੁਤਾਬਿਕ ਮਿ੍ਤਕ ਦੀ ਪਛਾਣ ਨਹੀਂ ਹੋ ਸਕੀ। ਮੌਤ ਦੇ ਕਾਰਨਾਂ ਸਬੰਧੀ ਉਨ੍ਹਾਂ ਆਖਿਆ ਕਿ ਮੌਤ ਦਾ ਕਾਰਨ ਕਤਲ, ਨਸ਼ੇ ਦੀ ਅੋਵਰਡੋਜ਼ ਜਾਂ ਕੁਦਰਤੀ ਮੌਤ ਸਬੰਧੀ ਪੋਸਟ ਮਾਰਟਮ ਤੋਂ ਬਾਅਦ ਹੀ ਪਤਾ ਲੱਗ ਸਕਦਾ ਹੈ। ਜਾਣਕਾਰੀ ਮੁਤਾਬਿਕ ਮੰਗਲਵਾਰ ਸਵੇਰੇ ਜ਼ਿਲ੍ਹਾ ਪੁਲਿਸ ਮੁਖੀ ਫਿਰੋਜ਼ਪੁਰ ਦੇ ਪੁਰਾਣੇ ਦਫ਼ਤਰ ਵਾਲੀ ਸੜਕ 'ਤੇ ਕੁੱਝ ਲੋਕ ਸੈਰ ਕਰ ਰਹੇ ਸੀ ਤਾਂ ਇਸ ਦੌਰਾਨ ਦਫ਼ਤਰ ਦੇ ਬਾਹਰ ਇਕ ਵਿਅਕਤੀ ਸੁੱਤਾ ਹੋਇਆ ਵਿਖਾਈ ਦਿੱਤਾ। ਸ਼ੱਕ ਪੈਣ 'ਤੇ ਕੁੱਝ ਲੋਕਾਂ ਨੇ ਉਕਤ ਵਿਅਕਤੀ ਦੀ ਸੂਚਨਾ ਪੁਲਿਸ ਥਾਣਾ ਫਿਰੋਜ਼ਪੁਰ ਕੈਂਟ ਨੂੰ ਦਿੱਤੀ। ਮੌਕੇ 'ਤੇ ਪਹੁੰਚੀ ਪੁਲਿਸ ਨੇ ਜਦੋਂ ਆ ਕੇ ਵੇਖਿਆ ਤਾਂ, ਉਕਤ ਵਿਅਕਤੀ ਮਿ੍ਤਕ ਪਾਇਆ ਗਿਆ। ਪੁਲਿਸ ਅਧਿਕਾਰੀ ਤੋਂ ਪ੍ਰਰਾਪਤ ਜਾਣਕਾਰੀ ਅਨੁਸਾਰ ਉਕਤ ਵਿਅਕਤੀ ਦੀ ਉਮਰ 50-55 ਸਾਲ ਲੱਗ ਰਹੀ ਹੈ ਅਤੇ ਉਸਦਾ ਸਰੀਰ ਵੀ ਕਾਫ਼ੀ ਜ਼ਿਆਦਾ ਕਮਜ਼ੋਰ ਲੱਗ ਰਿਹਾ ਹੈ। ਦੂਜੇ ਪਾਸੇ ਕੈਂਟ ਇਲਾਕੇ 'ਚ ਇਸ ਮੌਤ ਸਬੰਧੀ ਵੱਖ-ਵੱਖ ਚਰਚਾਵਾਂ ਸੁਣਨ ਨੂੰ ਮਿਲ ਰਹੀਆਂ ਹਨ। ਕੁੱਝ ਲੋਕਾਂ ਦਾ ਕਹਿਣਾ ਹੈ ਕਿ ਉਕਤ ਵਿਅਕਤੀ ਨਸ਼ਾ ਕਰਦਾ ਸੀ, ਜਿਸਦੇ ਕਾਰਨ ਉਸਦੀ ਮੌਤ ਹੋਈ ਹੈਤਾਂ ਕੋਈ ਕਹਿ ਰਿਹਾ ਸੀ ਕਿ ਉਕਤ ਵਿਅਕਤੀ ਨਾਲ ਲੁੱਟਖੋਹ ਕਰਕੇ, ਕਿਸੇ ਨੇ ਕਤਲ ਕਰ ਦਿੱਤਾ। ਥਾਣਾ ਕੈਂਟ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।