ਪੰਜਾਬੀ ਜਾਗਰਣ, ਟੀਮ, ਫਾਜ਼ਿਲਕਾ : ਦੇਸ਼ ਦੀ 75ਵੀਂ ਆਜ਼ਾਦੀ ਵਰ੍ਹੇਗੰਢ ਪੂਰੇ ਮੁਲਕ 'ਚ ਧੂਮਧਾਮ ਨਾਲ ਮਨਾਈ ਜਾ ਰਹੀ ਹੈ ਇਸੇ ਲੜੀ ਤਹਿਤ ਫਾਜ਼ਿਲਕਾ ਜ਼ਿਲ੍ਹੇ ਅੰਦਰ ਵੀ 75 ਹਫ਼ਤਿਆਂ ਤੱਕ ਵੱਖ-ਵੱਖ ਸਮਾਗਮ ਕੀਤੇ ਜਾਣਗੇ। ਇਸ ਸਬੰਧੀ ਡਿਪਟੀ ਕਮਿਸ਼ਨਰ ਅਰਵਿੰਦ ਪਾਲ ਸਿੰਘ ਸੰਧੂ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਵਰਚੁਅਲ ਬੈਠਕ ਕੀਤੀ।

ਬੈਠਕ ਦੌਰਾਨ ਡਿਪਟੀ ਕਮਿਸ਼ਨਰ ਅਰਵਿੰਦਪਾਲ ਸਿੰਘ ਸੰਧੂ ਨੇ ਕਿਹਾ ਕਿ ਦੇਸ਼ ਪੂਰੇ ਜੋਸ਼, ਜਨੂੰਨ ਅਤੇ ਗੌਰਵ ਨਾਲ ਆਪਣੀ 75ਵੀਂ ਆਜ਼ਾਦੀ ਵਰ੍ਹੇਗੰਢ ਮਨਾਏਗਾ ਅਤੇ ਇਸ ਸਬੰਧੀ ਫਾਜ਼ਿਲਕਾ ਜ਼ਿਲ੍ਹੇ ਅੰਦਰ ਵੀ ਵੱਖ -ਵੱਖ ਵਿਭਾਗਾਂ ਵੱਲੋਂ ਸਮਾਗਮ ਕਰਕੇ ਦੇਸ਼ ਦੇ ਆਜ਼ਾਦੀ ਘੁਲਾਟੀਆਂ ਨੂੰ ਯਾਦ ਕੀਤਾ ਜਾਵੇਗਾ। ਉਨ੍ਹਾਂ ਨੇ ਸਾਰੇ ਵਿਭਾਗਾਂ ਨੂੰ ਇਸ ਸਬੰਧੀ ਆਪਣੀ ਹਫ਼ਤਾਵਾਰੀ ਪ੍ਰਰੋਗਰਾਮਾਂ ਦੀ ਯੋਜਨਾਬੰਦੀ ਉਲੀਕ ਕੇ ਸੂਚਿਤ ਕਰਨ ਲਈ ਕਿਹਾ। ਇਸ ਤੋਂ ਬਿਨਾਂ ਸਮਾਜਿਕ ਅਤੇ ਸੱਭਿਆਚਾਰਕ ਸਮਾਗਮ ਵੀ ਹੋਣਗੇ ਅਤੇ ਵਿਭਾਗਾਂ ਦੀਆਂ ਵਿਗਿਆਨਕ ਪ੍ਰਰਾਪਤੀਆਂ ਵੀ ਇਨ੍ਹਾਂ ਜਸ਼ਨਾਂ 'ਚ ਪ੍ਰਦਰਸ਼ਿਤ ਕੀਤੀਆਂ ਜਾਣਗੀਆਂ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਅਤੇ ਸਹਾਇਕ ਕਮਿਸ਼ਨਰ ਜਨਰਲ ਇਨ੍ਹਾਂ ਸਮਾਗਮਾਂ ਤੇ ਜ਼ਿਲ੍ਹੇ ਵਿਚ ਓਵਰਆਲ ਇੰਚਾਰਜ ਹੋਣਗੇ ।

ਬੈਠਕ ਦੌਰਾਨ ਡੀਸੀ ਨੇ ਦੱਸਿਆ ਕਿ ਪੁਲਿਸ ਵਿਭਾਗ ਵੱਲੋਂ ਸਵੈ ਰੱਖਿਆ ਸਬੰਧੀ ਇਸ ਦੌਰਾਨ ਲੜਕੀਆਂ ਨੂੰ ਸਿਖਲਾਈ ਦਿੱਤੀ ਜਾਵੇਗੀ ਜਦਕਿ ਦਿਹਾਤੀ ਵਿਕਾਸ ਵਿਭਾਗ ਪੇਂਡੂ ਖੇਡਾਂ ਦੇ ਮੁਕਾਬਲੇ ਕਰਵਾਏਗਾ। ਸਿੱਖਿਆ ਵਿਭਾਗ ਵੱਲੋਂ ਬੈਠਕ 'ਚ ਦੱਸਿਆ ਗਿਆ ਕਿ ਉਨ੍ਹਾਂ ਨੂੰ ਐੱਸ. ਸੀ. ਈ.ਆਰ.ਟੀ. ਵੱਲੋਂ ਸਾਲ ਭਰ ਦਾ ਗਤੀਵਿਧੀ ਕੈਲੰਡਰ ਪ੍ਰਰਾਪਤ ਹੋ ਗਿਆ ਹੈ ਜਿਸ ਅਨੁਸਾਰ ਵਿਭਾਗ ਵੱਲੋਂ ਵਿਦਿਆਰਥੀਆਂ ਦੇ ਵੱਖ-ਵੱਖ ਤਰ੍ਹਾਂ ਦੇ ਸਕੂਲ, ਬਲਾਕ, ਜ਼ਿਲ੍ਹਾ ਅਤੇ ਰਾਜ ਪੱਧਰ ਤੇ ਮੁਕਾਬਲੇ ਕਰਵਾਏ ਜਾਣਗੇ ਤਾਂ ਜੋ ਸਾਡੀ ਨਵੀਂ ਪੀੜ੍ਹੀ ਨੂੰ ਆਜ਼ਾਦੀ ਅਤੇ ਲੋਕਤੰਤਰ ਦਾ ਮਹੱਤਵ ਸਮਝਾਇਆ ਜਾ ਸਕੇ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਬਾਕੀ ਵਿਭਾਗਾਂ ਨੂੰ ਵੀ ਆਪਣਾ ਗਤੀਵਿਧੀ ਕੈਲੰਡਰ ਤਿਆਰ ਕਰਨ ਦੀ ਹਦਾਇਤ ਕੀਤੀ।

ਇਸ ਬੈਠਕ ਅੰਦਰ ਹੋਰਨਾਂ ਤੋਂ ਇਲਾਵਾ ਏ ਡੀ ਸੀ (ਡੀ) ਨਵਲ ਰਾਮ, ਸਹਾਇਕ ਕਮਿਸ਼ਨਰ ਜਨਰਲ ਕੰਵਰਜੀਤ ਸਿੰਘ ਨੇ ਵੀ ਆਨਲਾਈਨ ਸ਼ਿਰਕਤ ਕੀਤੀ।