ਪਰਮਿੰਦਰ ਸਿੰਘ ਥਿੰਦ, ਫਿਰੋਜ਼ਪੁਰ : ਡਿਪਟੀ ਕਮਿਸ਼ਨਰ ਫਿਰੋਜ਼ਪੁਰ ਚੰਦਰ ਗੈਂਦ ਨੇ ਸਿਵਲ ਹਸਪਤਾਲ ਵਿਚ ਡਾਕਟਰਾਂ, ਸਰਜਨ ਅਤੇ ਲੈਬ ਟੈਕਨੀਸ਼ੀਅਨ ਦੀਆਂ ਖਾਲੀ ਅਸਾਮੀਆਂ ਦਾ ਮੁੱਦਾ ਸਿਹਤ ਵਿਭਾਗ ਦੇ ਪ੍ਰਮੁੱਖ ਸਕੱਤਰ ਅਨੁਰਾਗ ਅਗਰਵਾਲ ਕੋਲ ਉਠਾਇਆ ਹੈ। ਡਿਪਟੀ ਕਮਿਸ਼ਨਰ ਨੇ ਸਿਹਤ ਵਿਭਾਗ ਦੇ ਪ੍ਰਮੁੱਖ ਸਕੱਤਰ ਨੂੰ ਪੱਤਰ ਲਿਖ ਕੇ ਜਲਦੀ ਤੋਂ ਜਲਦੀ ਇਨ੍ਹਾਂ ਅਸਾਮੀਆਂ 'ਤੇ ਨਿਯੁਕਤੀ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਹੈ ਕਿ ਸਿਵਲ ਹਸਪਤਾਲ ਆਉਣ ਵਾਲੇ ਮਰੀਜ਼ਾਂ ਦੇ ਬਿਹਤਰ ਇਲਾਜ ਲਈ ਅਤੇ ਸਰਬੱਤ ਸਿਹਤ ਬੀਮਾ ਯੋਜਨਾ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਇੱਥੇ ਡਾਕਟਰਾਂ ਅਤੇ ਲੈਬ ਟੈਕਨੀਸ਼ੀਅਨ ਦੀ ਨਿਯੁਕਤੀ ਲਾਜ਼ਮੀ ਹੈ। ਪ੍ਰਮੁੱਖ ਸਕੱਤਰ ਨੂੰ ਭੇਜੇ ਇਕ ਪੱਤਰ ਵਿਚ ਡਿਪਟੀ ਕਮਿਸ਼ਨਰ ਨੇ ਸਿਵਲ ਹਸਪਤਾਲ ਦੇ ਡਾ. ਰਾਜਿੰਦਰ ਮਨਚੰਦਾ ਨਾਲ ਗੱਲਬਾਤ ਦਾ ਹਵਾਲਾ ਦਿੰਦੇ ਹੋਏ ਲਿਖਿਆ ਕਿ ਇੱਥੇ ਓਰਥੋ ਸਰਜਨ, ਈਐੱਨਟੀ ਡਾਕਟਰ ਅਤੇ ਜਨਰਲ ਸਰਜਨ ਦੀਆਂ ਅਸਾਮੀਆਂ ਖਾਲੀ ਹਨ।

ਇਸੇ ਤਰ੍ਹਾਂ ਇੱਥੇ ਲੈਬ ਟੈਕਨੀਸ਼ੀਅਨ ਦੀਆਂ ਸੱਤ ਅਸਾਮੀਆਂ ਹਨ, ਜਿਨ੍ਹਾਂ ਵਿਚੋਂ ਸਿਰਫ਼ 3 ਲੈਬ ਟੈਕਨੀਸ਼ੀਅਨ ਮੁਹੱਈਆ ਹਨ ਅਤੇ ਬਾਕੀ ਅਸਾਮੀਆਂ ਖਾਲੀ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਅਸਾਮੀਆਂ ਦੇ ਖਾਲੀ ਹੋਣ ਕਾਰਨ ਮਰੀਜ਼ਾਂ ਨੂੰ ਮੈਡੀਕਲ ਕਾਲਜ ਫ਼ਰੀਦਕੋਟ ਰੈਫ਼ਰ ਕਰ ਦਿੱਤਾ ਜਾਂਦਾ ਹੈ, ਜਿਸ ਕਾਰਨ ਮਰੀਜ਼ਾਂ ਨੂੰ ਪਰੇਸ਼ਾਨੀ ਹੁੰਦੀ ਹੈ। ਕਈ ਮਰੀਜ਼ ਉੱਥੇ ਨਹੀਂ ਜਾ ਸਕਦੇ, ਇਸ ਲਈ ਉਨ੍ਹਾਂ ਸਥਾਨਕ ਤੌਰ 'ਤੇ ਇਲਾਜ ਮੁਹੱਈਆ ਕਰਾਉਣ ਲਈ ਇੱਥੇ ਡਾਕਟਰ ਨਿਯੁਕਤ ਕਰਨਾ ਜ਼ਰੂਰੀ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਨ੍ਹਾਂ ਖਾਲੀ ਅਸਾਮੀਆਂ ਕਾਰਨ ਸਿਹਤ ਬੀਮਾ ਯੋਜਨਾ ਵੀ ਸਹੀ ਤਰੀਕੇ ਨਾਲ ਲਾਗੂ ਨਹੀਂ ਹੋ ਰਹੀ ਕਿਉਂਕਿ ਡਾਕਟਰਾਂ ਦੀ ਘਾਟ ਕਾਰਨ ਲੋਕ ਇਲਾਜ ਨਹੀਂ ਕਰਵਾ ਸਕਦੇ।