ਜੇਐੱਨਐੱਨ, ਅੰਮਿ੍ਤਸਰ : ਪਾਕਿਸਾਨ ਵੱਲੋਂ ਲੂਣ ਦੀ ਖੇਪ 'ਚ ਇੰਟੇਗ੍ਰੇਟਿਡ ਚੈੱਕ ਪੋਸਟ (ਆਈਸੀਪੀ) ਭੇਜੀ ਗਈ 584 ਕਿਲੋ ਹੈਰੋਇਨ ਮਾਮਲੇ 'ਚ ਕਸਟਮ ਅਧਿਕਾਰੀਆਂ ਨੂੰ ਵੱਡੀ ਲੀਡ ਮਿਲੀ ਹੈ। ਕਸਟਮ ਅਧਿਕਾਰੀਆਂ ਨੇ ਸੀਏ ਅਜੈ ਗੁਪਤਾ ਤੇ ਟਰਾਂਸਪੋਰਟਰ ਜਸਬੀਰ ਸਿੰਘ ਨੂੰ ਪ੍ਰਰੋਡਕਸ਼ਨ ਵਾਰੰਟ 'ਤੇ ਲੈ ਕੇ ਆਹਮੋ-ਸਾਹਮਣੇ ਪੁੱਛਗਿੱਛ ਕੀਤੀ। ਇਸ 'ਤੇ ਦੋਵਾਂ ਨੇ ਪੰਜਾਬ ਦੇ ਵੱਖ-ਵੱਖ ਇਲਾਕਿਆਂ ਨਾਲ ਜੁੜੇ ਹੈਰੋਇਨ ਸਮੱਗਲਰਾਂ ਦੇ ਨਾਂ ਤੇ ਉਨ੍ਹਾਂ ਦੇ ਕੰਮ ਕਰਨ ਦੇ ਤਰੀਕੇ ਦੀ ਜਾਣਕਾਰੀ ਦਿੱਤੀ ਹੈ।

ਘਰਿੰਡਾ ਥਾਣਾ ਪੁਲਿਸ ਵੱਲੋਂ ਹੈਰੋਇਨ ਸਮੱਗਲਿੰਗ ਮਾਮਲੇ 'ਚ ਗਿ੍ਫ਼ਤਾਰ ਕੀਤੇ ਸੀਏ ਅਜੈ ਗੁਪਤਾ ਤੇ ਟਰਾਂਸਪੋਰਟਰ ਜਸਬੀਰ ਸਿੰਘ ਸਮੇਤ ਨੌਂ ਮੁਲਜ਼ਮਾਂ ਨੂੰ ਵੀਰਵਾਰ ਸ਼ਾਮ ਅਦਾਲਤ ਨੇ ਨਿਆਇਕ ਹਿਰਾਸਤ 'ਚ ਭੇਜ ਦਿੱਤਾ ਸੀ। ਇਸ ਤੋਂ ਬਾਅਦ ਕਸਟਮ ਵਿਭਾਗ ਨੇ ਮੁਲਜ਼ਮ ਗੁਪਤਾ ਤੇ ਜਸਬੀਰ ਦਾ ਪ੍ਰਰੋਡਕਸ਼ਨ ਵਾਰੰਟ ਹਾਸਲ ਕਰ ਲਿਆ। ਕਸਟਮ ਅਧਿਕਾਰੀਆਂ ਨੇ ਦੋਵਾਂ ਕੋਲੋਂ ਕਈ ਘੰਟੇ ਪੁੱਛਗਿੱਛ ਕੀਤੀ। ਪਹਿਲਾਂ ਦੋਵਾਂ ਕੋਲੋਂ ਵੱਖ-ਵੱਖ ਤੇ ਫਿਰ ਆਹਮੋ-ਸਾਹਮਣੇ ਬਿਠਾ ਕੇ ਪੁੱਛਗਿੱਛ ਕੀਤੀ ਗਈ। ਇਸ 'ਚ ਹੈਰੋਇਨ ਸਮੱਗਲਿੰਗ ਨਾਲ ਜੁੜੀ ਕਾਫੀ ਮਹੱਤਵਪੂਰਨ ਜਾਣਕਾਰੀ ਮਿਲੀ। ਇਸ ਤੋਂ ਬਾਅਦ ਵਿਭਾਗ ਨੇ ਪੰਜਾਬ ਦੇ ਸਰਹੱਦੀ ਪਿੰਡਾਂ ਦੇ ਕਰੀਬ ਅੱਧੀ ਦਰਜਨ ਲੋਕਾਂ ਨੂੰ ਇਸ ਪੁੱਛਗਿੱਛ 'ਚ ਸ਼ਾਮਲ ਕੀਤਾ। ਇਨ੍ਹਾਂ 'ਚੋਂ ਕਈ ਲੋਕ ਸ਼ੁੱਕਰਵਾਰ ਨੂੰ ਕਸਟਮ ਅਧਿਕਾਰੀਆਂ ਸਾਹਮਣੇ ਪੇਸ਼ ਹੋ ਗਏ, ਜਦਕਿ ਕੁਝ ਦੇ ਸ਼ਨਿਚਰਵਾਰ ਨੂੰ ਜਾਂਚ 'ਚ ਸ਼ਾਮਲ ਹੋਣ ਦੀ ਸੰਭਾਵਨਾ ਹੈ।

-----

-ਅਧਿਕਾਰੀ ਕਰ ਰਹੇ ਨੇ ਕਈ ਦਾਅਵੇ

584 ਕਿਲੋ ਹੈਰੋਇਨ ਬਰਾਮਦਗੀ ਮਾਮਲੇ 'ਚ ਸੀਏ ਤੇ ਟਰਾਂਸਪੋਰਟਰ ਤੋਂ ਬਹੁਤ ਮਹੱਤਵਪੂਰਨ ਜਾਣਕਾਰੀ ਮਿਲਣ ਦੇ ਦਾਅਵੇ ਅਧਿਕਾਰੀ ਕਰ ਰਹੇ ਹਨ। ਮਾਮਲਾ ਬਹੁਤ ਗੰਭੀਰ ਹੈ, ਇਸ ਲਈ ਫਿਲਹਾਲ ਕੋਈ ਵੀ ਅਧਿਕਾਰੀ ਹਾਲੇ ਕੁਝ ਵੀ ਦੱਸਣ ਨੂੰ ਤਿਆਰ ਨਹੀਂ ਹੈ। ਜਦੋਂ ਕਸਟਮ ਕਮਿਸ਼ਨਰੇਟ ਦੀਪਕ ਕੁਮਾਰ ਗੁਪਤਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਇਸ 'ਚ ਬਹੁਤ ਵੱਡੀ ਲੀਡ ਮਿਲਣ ਦੀ ਪੁਸ਼ਟੀ ਕੀਤੀ। ਉਨ੍ਹਾਂ ਕਿਹਾ ਕਿ ਜਲਦੀ ਹੀ ਉਹ ਇਸ ਸਬੰਧੀ ਮੀਡੀਆ ਨੂੰ ਹੈਰੋਇਨ ਮਾਮਲੇ 'ਚ ਜਾਣਕਾਰੀ ਦੇਣਗੇ।

-----

-ਇਹ ਹੈ ਮਾਮਲਾ

26 ਜੂਨ ਨੂੰ ਪਾਕਿਸਤਾਨ ਦੇ ਇਕ ਐਕਸਪੋਰਟਰ ਨੇ ਰਾਕ ਸਾਲਟ (ਲੂਣ) ਦਾ ਇਕ ਟਰੱਕ ਭੇਜਿਆ ਸੀ। ਇਸ 'ਚ 600 ਬੈਗ ਸਨ। ਪਾਕਿ ਦਾ ਡਰਾਈਵਰ ਟਰੱਕ ਨੂੰ ਆਈਸੀਪੀ 'ਤੇ ਅਨਲੋਡ ਕਰ ਕੇ ਵਾਪਸ ਚਲਾ ਗਿਆ ਸੀ। ਇਹ ਕੰਸਾਈਨਮੈਂਟ ਅੰਮਿ੍ਤਸਰ ਦੇ ਗੁਰਪਿੰਦਰ ਸਿੰਘ ਨੇ ਮੰਗਵਾਈ ਸੀ। ਜਦੋਂ ਗੁਰਪਿੰਦਰ ਦਾ ਕਸਟਮ ਹਾਊਸ ਏਜੰਟ ਕੰਸਾਈਨਮੈਂਟ ਰਿਲੀਜ਼ ਕਰਵਾਉਣ ਆਇਆ ਜਾਂਚ 'ਚ ਬੈਗ 'ਚ ਚਿੱਟੇ ਪੈਕੇਟ ਮਿਲੇ। ਇਹ ਪੈਕੇਟ ਹੈਰੋਇਨ ਦੇ ਸਨ। ਇਨ੍ਹਾਂ ਦੀ ਗਿਣਤੀ 532 ਕਿਲੋ ਨਿਕਲੀ। ਪੁੱਛਗਿੱਛ 'ਚ ਉਸ ਨੇ ਕਿਹਾ ਸੀ ਕਿ ਇਹ ਹੈਰੋਇਨ ਦੀ ਖੇਪ ਜੰਮੂ-ਕਸ਼ਮੀਰ ਦੇ ਜ਼ਿਲ੍ਹਾ ਹੰਦਵਾੜਾ ਦੇ ਟ੍ਰੇਡਰ ਤਾਰੀਕ ਅਹਿਮਦ ਲੋਨ ਲਈ ਮੰਗਵਾਈ ਗਈ ਸੀ। ਲੋਨ ਨੂੰ ਜੰਮੂ-ਕਸ਼ਮੀਰ ਪੁਲਿਸ ਨੇ ਹਿਰਾਸਤ 'ਚ ਲੈ ਲਿਆ ਸੀ। ਇਸ ਤੋਂ ਬਾਅਦ ਪੁਲਿਸ ਨੇ ਕਈ ਹੋਰ ਲੋਕਾਂ ਨੂੰ ਵੀ ਗਿ੍ਫ਼ਤਾਰ ਕੀਤਾ ਸੀ।