v> ਪਰਮਿੰਦਰ ਸਿੰਘ ਥਿੰਦ ,ਫਿਰੋਜ਼ਪੁਰ : ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਤਿੰਨ ਖੇਤੀ ਬਿੱਲਾਂ ਤੋਂ ਖ਼ਫ਼ਾ ਕਿਸਾਨਾਂ ਵੱਲੋਂ ਦਿੱਲੀ ਵਿਖੇ ਚੱਲ ਰਹੇ ਕਿਸਾਨੀ ਅੰਦੋਲਨ ਤਹਿਤ ਧਰਨੇ 'ਤੇ ਬੈਠੇ ਕਿਸਾਨਾਂ ਨੂੰ ਢੌਂਗੀ, ਖਾਲਿਸਤਾਨੀ ਤੇ ਹੋਰ ਇਤਰਾਜ਼ਯੋਗ ਸ਼ਬਦਾਂ ਨਾਲ ਸੰਬੋਧਨ ਕਰਨ ਵਾਲੇ ਕਈ ਭਾਜਪਾ ਲੀਡਰਾਂ ਦੇ ਖ਼ਿਲਾਫ਼ ਅੱਜ ਫਿਰੋਜ਼ਪੁਰ ਦੀ ਅਦਾਲਤ 'ਚ ਫੌਜਦਾਰੀ ਮੁਕੱਦਮੇ ਪੇਸ਼ ਕੀਤੇ ਜਾਣਗੇ।ਇਸ ਸਬੰਧੀ ਆਮ ਆਦਮੀ ਪਾਰਟੀ ਦੇ ਲੀਗਲ ਸੈੱਲ ਵੱਲੋਂ ਬੀਤੀ 20 ਜਨਵਰੀ ਨੂੰ ਇਨ੍ਹਾਂ ਸਾਰੇ ਲੀਡਰਾਂ ਨੂੰ ਨੋਟਿਸ ਵੀ ਜਾਰੀ ਕੀਤੇ ਗਏ ਸਨ। ਜਿਨ੍ਹਾਂ ਭਾਜਪਾ ਲੀਡਰਾਂ ਦੇ ਖ਼ਿਲਾਫ਼ ਅੱਜ ਫੌਜਦਾਰੀ ਮੁਕੱਦਮੇ ਪੇਸ਼ ਕੀਤੇ ਜਾਣੇ ਹਨ, ਉਨ੍ਹਾਂ ਵਿੱਚੋਂ ਉਪ ਮੁੱਖ ਮੰਤਰੀ ਗੁਜਰਾਤ, ਕੇਂਦਰੀ ਮੰਤਰੀ ਗਿਰੀਰਾਜ ਸਿੰਘ, ਕੌਮੀ ਜਨਰਲ ਸਕੱਤਰ ਅਤੇ ਸੰਸਦ ਮੈਂਬਰ ਤੇ ਭੋਜਪੁਰੀ ਸਿੰਗਰ ਐਕਟਰ ਰਵੀ ਕਿਸ਼ਨ ਦੇ ਨਾਂ ਵੀ ਸ਼ਾਮਿਲ ਹਨ। ਇਨ੍ਹਾਂ ਆਗੂਆਂ ਦੇ ਖ਼ਿਲਾਫ਼ ਮਾਨਹਾਣੀ ਦੇ ਫ਼ੌਜਦਾਰੀ ਮੁਕੱਦਮੇ ਫਿਰੋਜ਼ਪੁਰ ਅਤੇ ਜ਼ੀਰਾ ਦੀਆਂ ਅਦਾਲਤਾਂ 'ਚ ਪੇਸ਼ ਕੀਤੇ ਜਾਣਗੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਆਮ ਆਦਮੀ ਪਾਰਟੀ ਲੀਗਲ ਸੈੱਲ ਦੇ ਇੰਚਾਰਜ ਐਡਵੋਕੇਟ ਰਜਨੀਸ਼ ਦਹੀਆ ਨੇ ਦੱਸਿਆ ਕਿ 20 ਜਨਵਰੀ ਨੂੰ ਇਹਨਾਂ ਲੀਡਰਾਂ ਦੇ ਖਿਲਾਫ ਮਾਨਹਾਣੀ ਲਈ ਲੀਗਲ ਨੋਟਿਸ ਵੀ ਭੇਜੇ ਗਏ ਸੀ। ਐਡਵੋਕੇਟ ਦਹੀਆ ਨੇ ਦੱਸਿਆ ਕਿ ਇਸ ਮੌਕੇ ਬੀਬੀ ਭੁਪਿੰਦਰ ਕੌਰ ਸੰਧੂ ਜ਼ਿਲ੍ਹਾ ਪ੍ਰਧਾਨ ਫਿਰੋਜ਼ਪੁਰ, ਰਣਬੀਰ ਸਿੰਘ ਭੁੱਲਰ, ਡਾ. ਅੰਮ੍ਰਿਤਪਾਲ ਸਿੰਘ ਸੋਢੀ, ਇਕਬਾਲ ਸਿੰਘ ਢਿੱਲੋਂ ਜ਼ਿਲ੍ਹਾ ਸਕੱਤਰ ਡਾ. ਨਿਰਵੈਰ ਸਿੰਘ ਸਿੰਧੀ ਜ਼ਿਲ੍ਹਾ ਮੀਡੀਆ ਇੰਚਾਰਜ, ਡਾ. ਸੁਸ਼ੀਲ ਰਹੇਜਾ ਸਾਬਕਾ ਜ਼ਿਲ੍ਹਾ ਇੰਚਾਰਜ ਲੀਗਲ ਸੈਲ ਵੀ ਮੌਜੂਦ ਹੋਣਗੇ।

Posted By: Seema Anand