ਪਰਮਿੰਦਰ ਸਿੰਘ ਥਿੰਦ, ਫਿਰੋਜ਼ਪੁਰ : ਕਸਬਾ ਮੱਖੂ ਦੇ ਪਿੰਡ ਪੀਰ ਮਹੰਮਦ ਵਿਖੇ ਆਪਣੇ ਭਰਾ-ਭਰਜਾਈ ਨਾਲ ਸੈਰ ਕਰ ਰਹੀ ਇਕ ਔਰਤ ਤੇ ਉਸ ਦੇ ਭਰਾ-ਭਰਜਾਈ ਨਾਲ ਕੁੱਟਮਾਰ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮਹਿਲਾ ਦਾ ਦੋਸ਼ ਹੈ ਕਿ ਇਸ ਦੌਰਾਨ ਦੋਸ਼ੀਆਂ ਨੇ ਉਸ ਦੇ ਪੇਟ 'ਚ ਲੱਤਾਂ ਮਾਰੀਆਂ ਜਿਸ ਨਾਲ ਉਸ ਦਾ ਸਾਢੇ 5 ਮਹੀਨਿਆਂ ਦਾ ਗਰਭ ਡਿੱਗ ਗਿਆ। ਇਸ ਮਾਮਲੇ 'ਚ ਪੁਲਿਸ ਨੇ ਤਿੰਨ ਵਿਅਕਤੀਆਂ ਖ਼ਿਲਾਫ਼ 315, 354-ਬੀ, 323, 34 ਆਈਪੀਸੀ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨਾਂ 'ਚ ਪ੍ਰਕਾਸ਼ ਕੌਰ ਪਤਨੀ ਗੁਰਚਰਨ ਸਿੰਘ ਵਾਸੀ ਛੋਟੀਆਂ ਚੱਕੀਆਂ ਨੇ ਦੱਸਿਆ ਕਿ ਲੋਹੜੀ ਦਾ ਤਿਉਹਾਰ ਹੋਣ ਉਹ ਆਪਣੇ ਪੇਕੇ ਪਿੰਡ ਪੀਰ ਮੁਹੰਮਦ ਗਈ ਸੀ।

ਪ੍ਰਕਾਸ਼ ਕੌਰ ਨੇ ਦੱਸਿਆ ਕਿ ਰਾਤ ਕਰੀਬ 9 ਵਜੇ ਉਹ ਤੇ ਉਸ ਦੇ ਭਰਾ-ਭਰਜਾਈ ਸੈਰ ਕਰ ਰਹੇ ਸੀ। ਇਸ ਦੌਰਾਨ ਗੁਰਭਿੰਦਰ ਸਿੰਘ ਉਰਫ ਭਿੰਦੂ ਪੁੱਤਰ ਸੁਖਦੇਵ ਸਿੰਘ, ਅਮਨਦੀਪ ਸਿੰਘ ਪੁੱਤਰ ਬੋਹੜ ਸਿੰਘ ਤੇ ਲਵਜੀਤ ਸਿੰਘ ਪੁੱਤਰ ਜੱਗਾ ਸਿੰਘ ਵਾਸੀ ਪਿੰਡ ਪੀਰ ਮੁਹੰਮਦ ਉੱਥੇ ਖੜ੍ਹੇ ਸਨ ਜਿਨ੍ਹਾਂ ਨੇ ਉਸ ਦੇ ਭਰਾ ਨੂੰ ਮਖੌਲ ਕੀਤਾ। ਪ੍ਰਕਾਸ਼ ਕੌਰ ਨੇ ਦੱਸਿਆ ਕਿ ਜਦ ਉਸ ਦੇ ਭਰਾ ਨੇ ਇਸ ਦਾ ਵਿਰੋਧ ਕੀਤਾ ਤਾਂ ਉਕਤ ਦੋਸ਼ੀ ਉਨ੍ਹਾਂ ਦੇ ਗਲ ਪੈ ਗਏ ਤੇ ਉਨ੍ਹਾਂ ਦੀ ਕੁੱਟਮਾਰ ਕੀਤੀ। ਉਸ ਦੇ ਵੀ ਪੇਟ 'ਚ ਲੱਤਾਂ ਮਾਰੀਆਂ, ਜਿਸ ਨਾਲ ਉਸ ਦਾ ਸਾਢੇ 5 ਮਹੀਨੇ ਦਾ ਗਰਭ ਡਿੱਗ ਗਿਆ। ਪ੍ਰਕਾਸ਼ ਕੌਰ ਨੇ ਦੱਸਿਆ ਕਿ ਦੋਸ਼ੀ ਮੌਕੇ ਤੋਂ ਫਰਾਰ ਹੋ ਗਏ ਹਨ। ਇਸ ਮਾਮਲੇ ਦੀ ਜਾਂਚ ਕਰ ਰਹੇ ਏਐੱਸਆਈ ਜੁਗਰਾਜ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ 'ਤੇ ਉਕਤ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Posted By: Seema Anand