ਸਟਾਫ ਰਿਪੋਰਟਰ, ਫਿਰੋਜ਼ਪੁਰ : ਥਾਣਾ ਸਦਰ ਜ਼ੀਰਾ ਪੁਲਿਸ ਵਲੋਂ ਦੇਸੀ ਕੱਟੇ ਅਤੇ ਜਿੰਦਾ ਰੌਂਦ ਸਮੇਤ ਇਕ ਵਿਅਕਤੀ ਨੂੰ ਗਿ੍ਫਤਾਰ ਕਰਕੇ ਉਸ ਦੇ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ। ਥਾਣਾ ਸਦਰ ਜ਼ੀਰਾ ਦੇ ਏਐੱਸਆਈ ਵਣ ਸਿੰਘ ਨੇ ਦੱਸਿਆ ਕਿ ਬੀਤੇ ਕੱਲ੍ਹ ਜਦੋਂ ਉਹ ਆਪਣੀ ਪੁਲਿਸ ਪਾਰਟੀ ਸਮੇਤ ਪਿੰਡ ਬਹਾਵਲਪੁਰ ਵਿਖੇ ਗਸ਼ਤ ਕਰ ਰਹੇ ਸਨ ਤਾਂ ਇਸ ਦੌਰਾਨ ਉਨ੍ਹਾਂ ਦੀ ਪੁਲਿਸ ਪਾਰਟੀ ਵੱਲੋਂ ਸ਼ੱਕ ਦੇ ਤਹਿਤ ਇਕ ਮੋਟਰਸਾਈਕਲ ਸਵਾਰ ਵਿਅਕਤੀ ਨੂੰ ਰੋਕਿਆ ਗਿਆ। ਉਨ੍ਹਾਂ ਦੱਸਿਆ ਕਿ ਜਦੋਂ ਉਕਤ ਵਿਅਕਤੀ ਦੀ ਤਲਾਸ਼ੀ ਲਈ ਗਈ ਤਾਂ ਉਸ ਦੇ ਕਬਜ਼ੇ 'ਚੋਂ ਇਕ ਦੇਸੀ ਕੱਟਾ ਪਿਸਟਲ, 5 ਜਿੰਦਾ ਰੌਂਦ 315 ਬੋਰ ਬਰਾਮਦ ਹੋਏ। ਇਸ ਤੋਂ ਇਲਾਵਾ ਮੋਟਰਸਾਈਕਲ ਦੀ ਆਰਸੀ ਅਤੇ ਨੰਬਰ ਵੀ ਜਾਅਲੀ ਪਾਏ ਗਏ। ਏਐਸੱਆਈ ਵਣ ਸਿੰਘ ਨੇ ਦੱਸਿਆ ਕਿ ਦੇਸੀ ਪਿਸਟਲ ਸਮੇਤ ਫੜੇ ਗਏ ਵਿਅੱਕਤੀ ਦੀ ਪਛਾਣ ਮਰਕਸ ਮਸੀਹ ਉਰਫ ਮੱਸਾ ਪੁੱਤਰ ਨਛੱਤਰ ਸਿੰਘ ਵਾਸੀ ਨੂਰਪੁਰ ਮਾਛੀਵਾਲਾ ਵਜੋਂ ਹੋਈ ਹੈ, ਜਿਸ ਦੇ ਵਿਰੁੱਧ ਪੁਲਿਸ ਵਲੋਂ ਆਈਪੀਸੀ ਐਕਟ ਅਤੇ ਆਰਮਜ਼ ਐਕਟ ਦੀਆਂ ਵੱਖ ਵੱਖ ਧਾਰਾਵਾਂ ਤਹਿਤ ਪਰਚਾ ਦਰਜ ਕਰ ਲਿਆ ਗਿਆ ਹੈ।