ਪਰਮਿੰਦਰ ਸਿੰਘ ਥਿੰਦ, ਫਿਰੋਜ਼ਪੁਰ : ਜ਼ਿਲ੍ਹਾ ਫਿਰੋਜ਼ਪੁਰ ਦੇ ਥਾਣਾ ਸਦਰ ਜ਼ੀਰਾ ਅਤੇ ਥਾਣਾ ਗੁਰੂਹਰਸਹਾਏ ਪੁਲਿਸ ਵਲੋਂ ਹੈਰੋਇਨ ਅਤੇ ਨਸ਼ੀਲੇ ਪਾਊਡਰ ਸਮੇਤ 4 ਵਿਅਕਤੀਆਂ ਨੂੰ ਗਿ੍ਫਤਾਰ ਕਰਦਿਆਂ ਉਨ੍ਹਾਂ ਦੇ ਵਿਰੁੱਧ ਮਾਮਲੇ ਦਰਜ ਕੀਤੇ ਗਏ ਹਨ। ਮਾਮਲੇ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਥਾਣਾ ਸਦਰ ਜ਼ੀਰਾ ਦੇ ਸਬ ਇੰਸਪੈਕਟਰ ਪਿੱਪਲ ਸਿੰਘ ਨੇ ਦੱਸਿਆ ਕਿ ਜਦੋਂ ਉਹ ਆਪਣੀ ਪੁਲਿਸ ਪਾਰਟੀ ਸਮੇਤ ਬੀਤੇ ਦਿਨ ਪਿੰਡ ਢੰਡੀਆਂ ਵਿਖੇ ਨਾਕੇਬੰਦੀ ਕਰਕੇ ਸ਼ੱਕੀ ਵਾਹਨਾਂ ਦੀ ਚੈਕਿੰਗ ਕਰ ਰਹੇ ਸਨ ਤਾਂ ਇਸ ਦੌਰਾਨ ਸ਼ੱਕ ਦੇ ਤਹਿਤ ਉਨ੍ਹਾਂ ਦੀ ਪੁਲਿਸ ਪਾਰਟੀ ਵਲੋਂ ਇਕ ਵਿਅਕਤੀ ਨੂੰ ਰੋਕਿਆ ਗਿਆ। ਪੁਲਿਸ ਮੁਤਾਬਕ ਉਕਤ ਵਿਅਕਤੀ ਦੀ ਤਲਾਸ਼ੀ ਲੈਣ ਉਪਰੰਤ ਉਸ ਦੇ ਕਬਜ਼ੇ ਵਿਚੋਂ 40 ਗ੍ਰਾਮ ਹੈਰੋਇਨ ਬਰਾਮਦ ਹੋਈ। ਪੁਲਿਸ ਨੇ ਦੱਸਿਆ ਕਿ ਫੜੇ ਗਏ ਵਿਅਕਤੀ ਦੀ ਪਛਾਣ ਗੁਰਸੇਵਕ ਸਿੰਘ ਉਰਫ ਸ਼ੇਗਾ ਪੁੱਤਰ ਨਿਰਵੈਰ ਸਿੰਘ ਵਾਸੀ ਅਰਾਈਆਂ ਵਾਲਾ ਥਾਣਾ ਮੱਖੂ ਵਜੋਂ ਹੋਈ ਹੈ। ਪੁਲਿਸ ਮੁਤਾਬਕ ਉਕਤ ਗੁਰਸੇਵਕ ਸਿੰਘ ਦੇ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸੇ ਤਰ੍ਹਾਂ ਗੁਰੂਹਰਸਹਾਏ ਪੁਲਿਸ ਦੇ ਏਐਸਆਈ ਮਹਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਉਹ ਆਪਣੀ ਪੁਲਿਸ ਪਾਰਟੀ ਸਮੇਤ ਗਸ਼ਤ ਦੇ ਸਬੰਧ ਵਿਚ ਪਿੰਡ ਝੰਡੂ ਵਾਲਾ ਵਿਖੇ ਮੌਜ਼ੂਦ ਸਨ ਤਾਂ ਉਨ੍ਹਾਂ ਦੀ ਪੁਲਿਸ ਪਾਰਟੀ ਨੂੰ ਕਿਸੇ ਖ਼ਾਸ ਮੁਖ਼ਬਰ ਨੇ ਇਤਲਾਹ ਦਿੱਤੀ ਕਿ ਗੋਲੂ, ਸਤਵਿੰਦਰ ਸਿੰਘ ਅਤੇ ਸੰਦੀਪ ਸਿੰਘ ਨਸ਼ੀਲੀਆਂ ਗੋਲੀਆਂ ਅਤੇ ਹੈਰੋਇਨ ਵੇਚਣ ਦੇ ਆਦੀ ਹਨ, ਜੋ ਹੁਣ ਵੀ ਨਸ਼ਾ ਵੇਚਣ ਵਾਸਤੇ ਜਾ ਰਹੇ ਹਨ। ਪੁਲਿਸ ਨੇ ਦੱਸਿਆ ਕਿ ਮੁਖ਼ਬਰ ਤੋਂ ਸੂਚਨਾ ਮਿਲਦਿਆਂ ਹੀ ਨਾਕੇਬੰਦੀ ਕਰਕੇ ਉਕਤ ਤਿੰਨਾਂ ਵਿਅਕਤੀਆਂ ਨੂੰ ਕਾਬੂ ਕਰਕੇ, ਉਨ੍ਹਾਂ ਦੇ ਕਬਜ਼ੇ ਵਿਚੋਂ 100 ਗ੍ਰਾਮ ਨਸ਼ੀਲਾ ਪਾਊਡਰ ਤੇ 5 ਗ੍ਰਾਮ ਹੈਰੋਇਨ ਬਰਾਮਦ ਹੋਈ। ਪੁਲਿਸ ਨੇ ਦੱਸਿਆ ਕਿ ਜੱਸਨ ਉਰਫ ਗੋਲੂ ਪੁੱਤਰ ਜਸਕਰਨ ਸਿੰਘ ਵਾਸੀ ਕਾਹਨ ਸਿੰਘ ਵਾਲਾ, ਸਤਵਿੰਦਰ ਸਿੰਘ ਪੁੱਤਰ ਗੁਰਦੇਵ ਸਿੰਘ ਅਤੇ ਸੰਦੀਪ ਸਿੰਘ ਪੁੱਤਰ ਮੇਜਰ ਸਿੰਘ ਵਾਸੀ ਭਾਗ ਸਿੰਘ ਵਾਲਾ ਥਾਣਾ ਸਾਦਿਕ ਜ਼ਿਲ੍ਹਾ ਫਰੀਦਕੋਟ ਦੇ ਵਿਰੁੱਧ ਐਨਡੀਪੀਐਸ ਐਕਟ ਤਹਿਤ ਪਰਚਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।