ਸਟਾਫ ਰਿਪੋਰਟਰ, ਫਿਰੋਜ਼ਪੁਰ : 15 ਦਿਨਾਂ ਤੋਂ ਵੱਧ ਸਮੇਂ ਦੀ ਖਾਂਸੀ ਹੋ ਸਕਦੀ ਹੈ ਟੀਬੀ ਅਤੇ ਇਸ ਦੀ ਜਾਂਚ ਸਰਕਾਰੀ ਸਿਹਤ ਸੰਸਥਾਵਾਂ ਵਿਖੇ ਮੁਫਤ ਉਪਲੱਬਧ ਹੈ। ਇਹ ਪ੍ਰਗਟਾਵਾ ਫਿਰੋਜ਼ਪੁਰ ਦੇ ਸਿਵਲ ਸਰਜਨ ਡਾ. ਰਾਜਿੰਦਰਪਾਲ ਨੇ ਸਿਵਲ ਹਸਪਤਾਲ ਫਿਰੋਜ਼ਪੁਰ ਵਿਖੇ ਵਿਸ਼ਵ ਟੀਬੀ ਦਿਵਸ ਨੂੰ ਸਮਰਪਿਤ ਗਤੀਵਿਧੀਆਂ ਅਧੀਨ ਟੀਬੀ ਵਾਲੰਟੀਅਰਜ਼ ਨੂੰ ਸਨਮਾਨਿਤ ਕਰਨ ਮੌਕੇ ਕੀਤਾ।ਸਿਵਲ ਸਰਜਨ ਨੇ ਦੱਸਿਆ ਕਿ ਵਿਭਾਗ ਵੱਲੋਂ ਟੀਬੀ ਮਰੀਜ਼ਾਂ ਨੂੰ ਮੁਫਤ ਇਲਾਜ ਅਤੇ ਹੋਰ ਸਹੂਲਤਾਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ ਤਾਂ ਕਿ ਟੀਬੀ ਹਾਰੇਗਾ ,ਦੇਸ਼ ਜਿੱਤੇਗਾ ਦੇ ਨਾਹਰੇ ਨੂੰ ਸਾਰਥਕ ਕੀਤਾ ਜਾ ਸਕੇ। ਵਧੇਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਟੀਬੀ ਅਫਸਰ ਡਾ. ਸਤਿੰਦਰ ਓਬਰਾਏ ਨੇ ਦੱਸਿਆ ਕਿ ਸਿਹਤ ਵਿਭਾਗ ਫਿਰੋਜ਼ਪੁਰ ਵੱਲੋਂ ਅੱਜ ਵਿਸ਼ਵ ਟੀਬੀ ਦਿਵਸ ਨੂੰ ਸਮਰਪਿਤ ਵੱਖ ਵੱਖ ਗਤੀਵਿਧੀਆਂ ਆਯੋਜਿਤ ਕੀਤੀਆਂ ਗਈਆਂ ਇਸ ਦੌਰਾਨ ਵੱਖ-ਵੱਖ ਥਾਵਾਂ ਤੇ ਪੌਦੇ ਵੀ ਲਗਾਏ ਗਏ ਅਤੇ ਆਮ ਲੋਕਾਂ ਨੂੰ ਟੀਬੀ ਦੇ ਲੱਛਣਾਂ, ਕਾਰਨ ਅਤੇ ਇਲਾਜ ਬਾਰੇ ਜਾਗਰੂਕ ਕੀਤਾ ਗਿਆ। ਇਸੇ ਸਿਲਸਿਲੇ ਵਿੱਚ ਮਾਲਵਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਫਿਰੋਜ਼ਪੁਰ ਵਿਖੇ ਵਿਦਿਆਰਥੀਆਂ ਦੇ ਡਰਾਇੰਗ ਮੁਕਾਬਲੇ ਵੀ ਕਰਵਾਏ ਗਏ।ਟੀਬੀ ਨੂੰ ਖਤਮ ਕਰਨ ਦੇ ਮਕਸਦ ਨੂੰ ਲੈ ਕੇ ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਫਿਰੋਜ਼ਪੁਰ ਵਿਖੇ ਵਿਦਿਆਰਥੀਆਂ ਨੂੰ ਪ੍ਰਣ ਦਿਵਾਉਣ ਤੋਂ ਇਲਾਵਾ ਟੀਬੀ ਸਟਿਗਮਾ ਵਿਰੁੱਧ ਹਸਤਾਖਰ ਮੁਹਿੰਮ ਵੀ ਚਲਾਈ ਗਈ। ਡੀਟੀਓ ਡਾ.ਸਤਿੰਦਰ ਨੇ ਦੱਸਿਆ ਕਿ ਟੀਬੀ ਦੇ ਮਰੀਜ਼ਾਂ ਨੂੰ ਵਿਭਾਗ ਵੱਲੋਂ ਮੁਫਤ ਇਲਾਜ ਉਪਲੱਬਧ ਕਰਵਾਏ ਜਾਣ ਤੋਂ ਇਲਾਵਾ ਇਲਾਜ ਦੌਰਾਨ ਸੰਤੁਲਿਤ ਖ਼ੁਰਾਕ ਵਾਸਤੇ 500 ਰੁਪਏ ਪ੍ਰਤੀ ਮਹੀਨਾ ਵਿੱਤੀ ਸਹਾਇਤਾ ਵੀ ਦਿੱਤੀ ਜਾਵੇਗੀ। ਉਨਾਂ੍ਹ ਇਹ ਵੀ ਦੱਸਿਆ ਕਿ ਸਰਕਾਰ ਵੱਲੋਂ 2025 ਤੱਕ ਟੀਬੀ ਖਤਮ ਕਰਨ ਦਾ ਟੀਚਾ ਰੱਖਿਆ ਗਿਆ ਹੈ।ਇਸ ਮੌਕੇ ਟੀਬੀ ਵਿੰਗ ਦਾ ਸਮੂਹ ਸਟਾਫ ਹਾਜ਼ਰ ਸੀ।
15 ਦਿਨਾਂ ਤੋਂ ਵੱਧ ਸਮੇਂ ਦੀ ਖਾਂਸੀ ਹੋ ਸਕਦੀ ਹੈ ਟੀਬੀ : ਸਿਵਲ ਸਰਜਨ
Publish Date:Sat, 25 Mar 2023 03:01 AM (IST)
