ਪਰਮਿੰਦਰ ਸਿੰਘ ਥਿੰਦ, ਫਿਰੋਜ਼ਪੁਰ : ਕੋਰੋਨਾ ਤੋਂ ਬਚਾਓ ਕਰਦੀ ਭਾਰਤ ਸਰਕਾਰ ਵੱਲੋਂ ਨਿਜਾਤ ਕੀਤੀ ਵੈਕਸੀਨ ਦੇ ਟੀਕਾਕਰਨ ਦੀ ਮੁਹਿੰਮ ਲਗਾਤਾਰ ਜ਼ੋਰ ਫੜਦੀ ਜਾ ਰਹੀ ਹੈ ਅਤੇ ਇਸੇ ਮੁਹਿੰਮ ਦੇ ਚੱਲਦਿਆਂ ਸੀਐੱਚਸੀ ਿਫ਼ਰੋਜ਼ਸ਼ਾਹ ਵਿਖੇ ਬੀਈਈ ਸ੍ਰੀਮਤੀ ਨੇਹਾ ਭੰਡਾਰੀ ਅਤੇ ਹੋਰ ਸਟਾਫ ਨੇ ਖੁਦ ਨੂੰ ਵੈਕਸੀਨੇਟ ਕਰਵਾ ਕੇ ਇਸ ਮੁਹਿੰਮ ਨੂੰ ਹੋਰ ਤੇਜ਼ ਕੀਤਾ। ਡਾ. ਵਨੀਤਾ ਭੁੱਲਰ ਸੀਨੀਅਰ ਮੈਡੀਕਲ ਅਫਸਰ ਿਫ਼ਰੋਜ਼ਸ਼ਾਹ ਦੇ ਦਿਸ਼ਾ ਨਿਰਦੇਸ਼ਾਂ ਹੇਠ ਲਗਾਤਾਰ ਹੁਣ ਇਸ ਬਲਾਕ ਵਿਚ ਲੋਕਾਂ ਨੂੰ ਇਸ ਵੈਕਸੀਨ ਬਾਰੇ ਜਾਗਰੂਕ ਕਰਨ ਦਾ ਅਹਿਦ ਲੈਂਦਿਆਂ ਸਟਾਫ ਨੇ ਇਸ ਮੁਹਿੰਮ ਨੂੰ 100 ਪ੍ਰਤੀਸ਼ਤ ਪ੍ਰਫੂਲਿਤ ਕਰਨ ਦਾ ਐਲਾਨ ਕੀਤਾ। ਇਸ ਮੌਕੇ ਇਲਾਕਾ ਨਿਵਾਸੀਆਂ ਨੂੰ ਕੋਵਿਡ 19 ਤੋਂ ਬਚਾਓ ਕਰਦੀ ਵੈਕਸੀਨ ਦੀ ਹਰ ਹੀਲੇ ਵਰਤੋਂ ਕਰਨ ਦੀ ਅਪੀਲ ਕਰਦਿਆਂ ਡਾ. ਵਨੀਤਾ ਭੁੱਲਰ ਨੇ ਸਪੱਸ਼ਟ ਕੀਤਾ ਕਿ ਭਾਰਤ ਦੇਸ਼ ਨੇ ਕਰੋਨਾ ਮਹਾਂਮਾਰੀ ਦਾ ਮੁਕਾਬਲਾ ਕਰਕੇ ਦੁਨੀਆਂ ਵਿਚ ਆਪਣੀ ਵਿਲੱਖਣ ਪਛਾਣ ਸਥਾਪਿਤ ਕੀਤੀ ਹੈ ਅਤੇ ਹੁਣ ਸਮੇਂ ਦੀ ਜ਼ਰੂਰਤ ਹੈ ਕਿ ਦੇਸ਼ ਵਾਸੀ ਇਸ ਦਵਾਈ ਦੀ ਵਰਤੋਂ ਕਰਕੇ ਜਿਹੜਾ ਕੋਰੋਨਾ ਦਾ ਥੋੜ੍ਹਾ ਬਹੁਤ ਪ੍ਰਕੋਪ ਹੈ ਉਸ ਨੂੰ ਵੀ ਠੱਲ ਪਾਈ ਜਾ ਸਕੇ। ਉਨ੍ਹਾਂ ਕਿਹਾ ਕਿ ਇਸ ਵੈਕਸੀਨ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤਿੰਨ ਪੜਾਅਵਾਂ ਵਿਚ ਇਸ ਦਾ ਇਸਤੇਮਾਲ ਕਰਕੇ ਇਸ ਦੇ ਰਿਜ਼ਲਟ ਲਏ ਗਏ ਹਨ। ਇਸ ਮੌਕੇ ਬੋਲਦਿਆਂ ਸ੍ਰੀਮਤੀ ਨੇਹਾ ਭੰਡਾਰੀ ਨੇ ਸਪੱਸ਼ਟ ਕੀਤਾ ਕਿ ਜਲਦ ਹੀ ਸੀਐੱਚਸੀ ਿਫ਼ਰੋਜ਼ਸ਼ਾਹ ਅਧੀਨ ਆਉਂਦੇ ਪਿੰਡਾਂ ਤੇ ਇਲਾਕਾ ਨਿਵਾਸੀਆਂ ਤੱਕ ਪਹੁੰਚ ਕਰਕੇ ਹਰੇਕ ਵਿਅਕਤੀ ਨੂੰ ਇਸ ਵੈਕਸੀਨ ਦਾ ਲਾਭ ਦਿੱਤਾ ਜਾਵੇਗਾ ਤਾਂ ਜੋ ਲੋਕ ਸਿਹਤਮੰਦ ਰਹਿ ਸਕਣ। ਉਨ੍ਹਾਂ ਕਿਹਾ ਕਿ ਦੇਸ਼ ਭਰ ਵਿਚ ਇਸ ਵੈਕਸੀਨ ਦੀ ਧੜੱਲੇ ਨਾਲ ਵਰਤੋਂ ਸ਼ੁਰੂ ਹੋ ਗਈ ਹੈ ਅਤੇ ਿਫ਼ਰੋਜ਼ਸ਼ਾਹ ਇਲਾਕੇ ਵਿਚ ਵੀ ਇਸ ਦੀ 100 ਪ੍ਰਤੀਸ਼ਤ ਵਰਤੋਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮਨੁੱਖਤਾ ਦੇ ਭਲੇ ਦੀ ਅਸੀਂ ਤਾਂ ਹੀ ਕਾਮਨਾ ਕਰ ਸਕਦੇ ਹਾਂ, ਜੇਕਰ ਮਨੁੱਖਤਾ ਹਰ ਤਰ੍ਹਾਂ ਦੀ ਬਿਮਾਰੀ ਤੋਂ ਬਚੀ ਰਹੇ ਅਤੇ ਨਿਰੋਗ ਮਨੁੱਖ ਹੀ ਸਮਾਜ ਦੀ ਰਹਿਨੁਮਾਈ ਕਰ ਸਕਦਾ ਹੈ। ਇਸ ਮੌਕੇ ਕਮਿਊਨਿਟੀ ਹੈੱਲਥ ਸੈਂਟਰ ਿਫ਼ਰੋਜ਼ਸ਼ਾਹ ਦੇ ਸਟਾਫ ਨੇ ਹਸਪਤਾਲ ਆਉਂਦੇ ਮਰੀਜ਼ਾਂ ਅਤੇ ਉਨ੍ਹਾਂ ਦੇ ਆਸ਼ਰਿਤਾਂ ਨੂੰ ਇਸ ਵੈਕਸੀਨ ਦੇ ਲਾਭ ਬਾਰੇ ਜਾਣੂ ਕਰਵਾਉਣ ਦਾ ਅਹਿਦ ਲੈਂਦਿਆਂ ਸਪੱਸ਼ਟ ਕੀਤਾ ਕਿ ਆਸ਼ਾ ਵਰਕਰਾਂ, ਏਐੱਨਐਮਜ਼ ਤੇ ਹੋਰ ਵਸੀਲਿਆਂ ਰਾਹੀਂ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ। ਇਸ ਮੌਕੇ ਪੈਰਾ ਮੈਡੀਕਲ ਸਟਾਫ ਹਾਜ਼ਰ ਸੀ।