ਪਰਮਿੰਦਰ ਸਿੰਘ ਥਿੰਦ, ਫਿਰੋਜ਼ਪੁਰ
ਕਾਂਗਰਸੀਆਂ ਨੇ ਕੇਂਦਰ ਸਰਕਾਰ ਅਤੇ ਅਡਾਨੀ ਗਰੁੱਪ ਖ਼ਿਲਾਫ਼ ਜ਼ਿਲ੍ਹੇ ਭਰ ਵਿੱਚ ਰੋਸ ਪ੍ਰਦਰਸ਼ਨ ਕੀਤਾ। ਕਾਂਗਰਸ ਛਾਉਣੀ ਦੇ ਬਲਾਕ ਪ੍ਰਧਾਨ ਦਿਨੇਸ਼ ਸੋਈ ਦੀ ਅਗਵਾਈ ਹੇਠ ਛਾਉਣੀ ਦੇ ਐੱਸਬੀਆਈ ਬੈਂਕ ਦੇ ਬਾਹਰ ਅਰਥੀ ਫੂਕ ਮੁਜ਼ਾਹਰਾ ਕੀਤਾ ਗਿਆ। ਕਾਂਗਰਸੀਆਂ ਨੇ ਕਿਹਾ ਕਿ ਜਦੋਂ ਤੋਂ ਕੇਂਦਰ ਵਿੱਚ ਭਾਜਪਾ ਦੀ ਸਰਕਾਰ ਬਣੀ ਹੈ, ਦੇਸ਼ ਵਿੱਚ ਮਹਿੰਗਾਈ ਅਸਮਾਨ ਛੂਹ ਰਹੀ ਹੈ, ਪਰ ਕਾਂਗਰਸ ਸਰਕਾਰ ਨੇ ਹਮੇਸ਼ਾ ਹੀ ਦੇਸ਼ ਵਾਸੀਆਂ ਦੇ ਹੱਕ ਵਿੱਚ ਸਭ ਕੁਝ ਸਸਤੇ ਰੇਟਾਂ 'ਤੇ ਮੁਹੱਈਆ ਕਰਵਾਇਆ ਹੈ। ਕੇਂਦਰ ਵਿੱਚ ਆਮ ਲੋਕਾਂ ਦੀ ਸਰਕਾਰ ਨਹੀਂ ਹੈ, ਅਡਾਨੀ ਕਾਰਪੋਰੇਟ ਘਰਾਣਿਆਂ ਦੀ ਸਰਕਾਰ ਹੈ ਅਤੇ ਇਹ ਗਰੀਬਾਂ ਦਾ ਖੂਨ ਚੂਸ ਕੇ ਵੱਡੇ ਘਰਾਣਿਆਂ ਨੂੰ ਮੁਨਾਫਾ ਦੇ ਰਹੀ ਹੈ। ਫਿਰੋਜ਼ਪੁਰ ਵਿੱਚ ਅਰਥੀ ਫੂਕ ਮੁਜ਼ਾਹਰੇ ਨੂੰ ਸੰਬੋਧਨ ਕਰਦਿਆਂ ਬਲਾਕ ਪ੍ਰਧਾਨ ਦਿਨੇਸ਼ ਸੋਈ, ਨਗਰ ਕੌਂਸਲ ਪ੍ਰਧਾਨ ਰਿੰਕੂ ਗਰੋਵਰ, ਸੁਖਵਿੰਦਰ ਸਿੰਘ ਅਟਾਰੀ, ਬਲਬੀਰ ਸਿੰਘ ਬਾਠ, ਹਰਿੰਦਰ ਸਿੰਘ ਖੌਸਾ, ਕੁਲਦੀਪ ਗੱਖੜ, ਅਜੈ ਜੋਸ਼ੀ ਨੇ ਕਿਹਾ ਕਿ ਕੇਂਦਰ ਸਰਕਾਰ ਅਡਾਨੀ ਵਰਗੇ ਆਪਣੇ ਚਹੇਤੇ ਪਰਿਵਾਰਾਂ ਦੇ ਹੱਥਾਂ ਵਿੱਚ ਹੈ। ਜਿਸ ਕਾਰਨ ਅਡਾਨੀ ਗਰੁੱਪ ਨੇ ਐੱਸਬੀਆਈ ਬੈਂਕ ਅਤੇ ਐੱਲਆਈਸੀ 8 ਲੱਖ 76 ਹਜ਼ਾਰ ਕਰੋੜ ਦੀ ਧੋਖਾਧੜੀ ਕਰਕੇ ਦੇਸ਼ ਨੂੰ ਹੋਰ ਪਛੜਿਆ ਹੈ। ਉਨਾਂ੍ਹ ਕਿਹਾ ਕਿ ਹੁਣ ਦੇਸ਼ ਵਾਸੀ ਅਤੇ ਪੰਜਾਬ ਦੇ ਲੋਕ 2024 ਦੀਆਂ ਚੋਣਾਂ ਵਿੱਚ ਜਵਾਬ ਦੇਣਗੇ ਅਤੇ ਕੇਂਦਰ ਵਿੱਚ ਕਾਂਗਰਸ ਦੀ ਸਰਕਾਰ ਨੂੰ ਸੱਤਾ ਵਿੱਚ ਲੈ ਕੇ ਜਾਣਗੇ ਅਤੇ ਦੇਸ਼ ਨੂੰ ਅੱਗੇ ਲੈ ਕੇ ਜਾਣਗੇ। ਉਨਾਂ੍ਹ ਕਿਹਾ ਕਿ ਦੇਸ਼ ਦਾ ਹਰ ਨਾਗਰਿਕ ਹੁਣ ਭਾਜਪਾ ਦੀਆਂ ਦੇਸ਼ ਵਿਰੋਧੀ ਨੀਤੀਆਂ ਬਾਰੇ ਜਾਣ ਚੁੱਕਾ ਹੈ, ਜਿਸ ਦਾ ਜਵਾਬ ਦੇਣ ਲਈ ਲੋਕ 2024 ਦੀਆਂ ਚੋਣਾਂ ਦੀ ਉਡੀਕ ਕਰ ਰਹੇ ਹਨ। ਇਸ ਮੌਕੇ ਮਾਰਕਸ ਭੱਟੀ, ਵਿਜੇ ਗੋਰੀਆ, ਬੱਬੂ ਪ੍ਰਧਾਨ, ਸਤਨਾਮ ਸਿੰਘ, ਮਾਣਿਕ ਸੋਈ, ਰਾਜਾ ਪ੍ਰਧਾਨ, ਛੀਨਾ, ਗੋਰਾ ਸਰਪੰਚ ਤੋਂ ਇਲਾਵਾ ਕਾਂਗਰਸੀ ਅਹੁਦੇਦਾਰ ਤੇ ਵਰਕਰ ਹਾਜ਼ਰ ਸਨ।