ਅੰਮਿ੍ਤ ਖਾਲਸਾ, ਅਬੋਹਰ : ਬੀਤੇ ਦਿਨੀਂ ਇਕ ਵਿਦਿਆਰਥਣ ਵੱਲੋਂ ਰੇਲ ਗੱਡੀ 'ਚੋਂ ਛਾਲ ਮਾਰ ਕੇ ਖ਼ੁਦਕੁਸ਼ੀ ਕਰਨ ਦੇ ਮਾਮਲੇ 'ਚ ਜੀਆਰਪੀ ਪੁਲਿਸ ਨੇ ਵਿਦਿਆਰਥਣ ਦੀ ਸਹੇਲੀ ਨੂੰ ਗਿ੍ਫਤਾਰ ਕਰ ਲਿਆ ਹੈ। ਉਕਤ ਵਿਦਿਆਰਥਣ ਨੂੰ ਪੁਲਿਸ ਨੇ ਅਦਾਲਤ 'ਚ ਪੇਸ਼ ਕੀਤਾ, ਜਿਥੋਂ ਉਸ ਨੂੰ ਜੇਲ੍ਹ ਭੇਜ ਦਿੱਤਾ ਗਿਆ।

ਜ਼ਿਕਰਯੋਗ ਹੈ ਕਿ ਕਿਲਿਆਂ ਵਾਲੀ ਸਟੇਸ਼ਨ ਨੇੜੇ ਸਾਦੂਲ ਸ਼ਹਿਰ ਵਾਸੀ ਇਕ ਵਿਦਿਆਰਥਣ ਕੁਸੁਮ ਅਗਰਵਾਲ ਨੇ ਰੇਲਗੱਡੀ ਤੋਂ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ ਸੀ। ਇਸ ਮਾਮਲੇ 'ਚ ਕਾਰਵਾਈ ਕਰਦਿਆਂ ਜੀਆਰਪੀ ਪੁਲਿਸ ਨੇ ਜਾਂਚ ਪੜਤਾਲ ਉਪਰੰਤ ਮਿ੍ਤਕ ਵਿਦਿਆਰਥਣ ਦੀ ਸਹਿਪਾਠੀ ਮਨਪ੍ਰੀਤ ਕੌਰ ਨੂੰ ਕਾਬੂ ਕਰ ਕੇ ਅਦਾਲਤ ਵਿਚ ਪੇਸ਼ ਕੀਤਾ, ਜਿਥੋਂ ਉਸ ਨੂੰ ਜੇਲ੍ਹ ਭੇਜ ਦਿੱਤਾ ਗਿਆ। ਪੁਲਿਸ ਵੱਲੋਂ 2 ਹੋਰ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ।

ਜਾਂਚ ਅਧਿਕਾਰੀ ਓਮ ਪ੍ਰਕਾਸ਼ ਨੇ ਦੱਸਿਆ ਕਿ ਮਿ੍ਤਕਾ ਦੀ ਮਾਂ ਦੇ ਬਿਆਨਾਂ 'ਤੇ ਇਸ ਮਾਮਲੇ 'ਚ ਜਾਂਚ ਉਪਰੰਤ ਕਾਲਜ ਦੇ ਮੁਲਾਜ਼ਮ ਗੌਰਵ ਸੇਠੀ, ਵਿਦਿਆਰਥੀ ਅਜੈ ਅਤੇ ਮਨਪ੍ਰੀਤ ਕੌਰ ਬਾਬਤ ਜਾਣਕਾਰੀ ਹਾਸਲ ਕਰ ਕੇ ਮੰਗਲਵਾਰ ਸ਼ਾਮ ਮਨਪ੍ਰਰੀਤ ਕੌਰ ਨੂੰ ਸਾਦੂਲ ਸ਼ਹਿਰ ਤੋਂ ਹੀ ਗਿ੍ਫਤਾਰ ਕਰ ਲਿਆ। ਮਨਪ੍ਰੀਤ ਨੇ ਮੁੱਢਲੀ ਪੁਛਗਿੱਛ 'ਚ ਦੱਸਿਆ ਕਿ ਕੁਸੁਮ ਨੇ ਕਾਲਜ 'ਚ ਖਾਣਾ ਨਾ ਮਿਲਣ ਕਾਰਨ ਆਵਾਜ਼ ਬੁਲੰਦ ਕੀਤੀ ਸੀ।

ਸਾਰੇ ਵਿਦਿਆਰਥੀ ਉਸ ਦੀ ਗੱਲ ਨੂੰ ਸਹੀ ਮੰਨ ਕੇ ਸਾਥ ਦੇ ਰਹੇ ਸਨ ਪਰ ਕੈਰੀਅਰ ਖਰਾਬ ਹੋਣ ਦੀ ਚਿੰਤਾ ਕਾਰਨ ਕਈ ਵਿਦਿਆਰਥੀ ਪਿੱਛੇ ਹੱਟ ਗਏ, ਜਿਸ ਕਾਰਨ ਕੁਸੁਮ ਨਾਰਾਜ਼ ਹੋ ਗਈ ਤੇ ਉਸ ਨੇ ਖ਼ੁਦਕੁਸ਼ੀ ਕਰ ਲਈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਬਾਕੀ ਮੁਲਜ਼ਮਾਂ ਦੀ ਭਾਲ 'ਚ ਛਾਪੇਮਾਰੀ ਕੀਤੀ ਜਾ ਰਹੀ ਹੈ।