ਫਿਰੋਜ਼ਪੁਰ : ਲੋਕ ਸਭਾ ਚੋਣਾਂ 2019 ਵਿਚ ਪ੍ਰਚਾਰ ਤੇਜ਼ ਹੋਣ ਦੇ ਨਾਲ ਹੀ ਵੱਖ-ਵੱਖ ਪਾਰਟੀਆਂ ਦੇ ਵਰਕਰਾਂ ਵਿਚਾਲੇ ਟਕਰਾਅ ਵੀ ਹੋਣ ਲੱਗਾ ਹੈ। ਫਿਰੋਜ਼ਪੁਰ ਦੇ ਪਿੰਡ ਆਰਿਫਕੇ 'ਚ ਚੋਣ ਪ੍ਰਚਾਰ ਦੌਰਾਨ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸੀ ਵਰਕਰਾਂ ਵਿਚਾਲੇ ਝੜਪ ਹੋ ਗਈ। ਇਸ ਦੌਰਾਨ ਕਈ ਲੋਕ ਜ਼ਖ਼ਮੀ ਹੋ ਗਏ। ਪੁਲਿਸ ਨੇ 50 ਅਕਾਲੀ ਵਰਕਰਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ।

ਕਈ ਕਾਂਗਰਸੀ ਵਰਕਰ ਜ਼ਖ਼ਮੀ, 50 ਅਕਾਲੀਆਂ 'ਤੇ ਅਪਰਾਧਕ ਮੁਕੱਦਮਾ ਦਰਜ

ਪਿੰਡ ਆਰਿਫਕੇ ਦੇ ਬੰਡਾਲਾ ਰੋਡ ਖੇਤਰ ਵਿਚ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਵੱਖ-ਵੱਖ ਪ੍ਰਚਾਰ ਕਰ ਰਹੇ ਸਨ। ਇਸੇ ਦੌਰਾਨ ਦੋਵਾਂ ਪਾਰਟੀਆਂ ਦੇ ਵਰਕਰਾਂ ਵਿਚਾਲੇ ਮਾਮੂਲੀ ਝੜਪ ਹੋ ਗਈ। ਵਿਵਾਦ ਨੇ ਦੇਖਦੇ-ਹੀ ਦੇਖਦੇ ਖ਼ਤਰਨਾਕ ਰੂਪ ਧਾਰਨ ਕਰ ਲਿਆ ਅਤੇ ਦੋਵਾਂ ਧਿਰਾਂ ਵਿਚਾਲੇ ਪੱਥਰਬਾਜ਼ੀ ਸ਼ੁਰੂ ਹੋ ਗਈ। ਦੋਸ਼ ਹਨ ਕਿ ਅਕਾਲੀਆਂ ਨੇ ਹਵਾਈ ਫਾਇਰ ਵੀ ਕੀਤੇ।

ਥਾਣਾ ਆਰਿਫਕੇ ਦੇ ਸਬ ਇੰਸਪੈਕਟਰ ਜਸਪਾਲ ਸਿੰਘ ਨੂੰ ਦਿੱਤੇ ਬਿਆਨ ਵਿਚ ਪਿੰਡ ਉਸਮਾਨਵਾਲਾ ਬਲੀ ਨੇ ਦੱਸਿਆ ਕਿ ਉਹ ਕਾਂਗਰਸ ਨਾਲ ਸਬੰਧਤ ਹੈ ਅਤੇ ਪਿੰਡ ਆਰਿਫਕੇ ਵਿਖੇ ਚੋਣ ਪ੍ਰਚਾਰ 'ਚ ਜੁਟਿਆ ਸੀ। ਪਿੰਡ ਦੇ ਬੰਡਾਲਾ ਰੋਡ 'ਤੇ ਅਕਾਲੀ ਵਰਕਰ ਸੰਦੀਪ ਸਿੰਘ ਸੰਨੀ, ਸੁਖਪਾਲ ਸਿੰਘ, ਗੁਰਪ੍ਰੀਤ ਸਿੰਘ, ਲਵਪ੍ਰੀਤ ਸਿੰਘ, ਜਗਜੀਤ ਸਿੰਘ, ਗੁਰਪ੍ਰੀਤ ਸਿੰਘ, ਇੰਦਰਜੀਤ, ਇਕਬਾਲ ਸਿੰਘ ਸਮੇਤ ਕਰੀਬ 50 ਅਣਪਛਾਤੇ ਲੋਕ ਆਏ ਸਨ। ਮਾਮੂਲੀ ਗੱਲ ਨੂੰ ਲੈ ਕੇ ਉਨ੍ਹਾਂ ਵਿਚ ਬਹਿਸ ਹੋ ਗਈ ਜਿਸ 'ਤੇ ਇਨ੍ਹਾਂ ਲੋਕਾਂ ਨੇ ਉਨ੍ਹਾਂ 'ਤੇ ਪਥਰਾਅ ਕਰ ਦਿੱਤਾ। ਦੋਸ਼ ਹੈ ਕਿ ਸੰਨੀ ਨੇ ਆਪਣੀ ਪਿਸਤੌਲ ਨਾਲ ਹਵਾਈ ਫਾਇਰ ਵੀ ਕੀਤੇ। ਇੰਨਾ ਹੀ ਨਹੀਂ ਮੁਲਜ਼ਮ ਉਸ ਦੀ ਗੱਡੀ ਵਿਚ ਰੱਖੇ ਪਰਸ 'ਚੋਂ 20 ਹਜ਼ਾਰ ਦੀ ਨਕਦੀ ਸੀ ਤੇ ਹੋਰ ਜ਼ਰੂਰੀ ਦਸਤਾਵੇਜ਼ ਚੋਰੀ ਕਰ ਕੇ ਲੈ ਗਏ। ਉਨ੍ਹਾਂ ਗੱਡੀ ਦੀ ਵੀ ਤੋੜ-ਭੰਨ ਕੀਤੀ।

Posted By: Seema Anand