ਗੌਰਵ ਗੌੜ ਜੌਲੀ, ਜ਼ੀਰਾ : ਚਰਨਜੀਤ ਸਿੰਘ ਸਿੱਕੀ ਪ੍ਰਧਾਨ ਯੂਥ ਅਰੋੜਾ ਮਹਾਂ ਸਭਾ ਪੰਜਾਬ ਨੇ ਕਿਹਾ ਕਿ ਪੰਜਾਬ ਸਰਕਾਰ ਅਰੋੜਾ ਬਰਾਦਰੀ ਨੂੰ ਬਣਦਾ ਮਾਨ ਸਨਮਾਨ ਦੇਵੇ ਕਿਉਂਕਿ ਅਰੋੜਾ ਬਰਾਦਰੀ ਨੇ ਅੱਜ ਪੰਜਾਬ ਵਿਚ ਆਪਣਾ ਸਮਾਜਿਕ ਅਤੇ ਧਾਰਮਿਕ ਕੰਮਾਂ ਵਿਚ ਅਹਿਮ ਯੋਗਦਾਨ ਪਾ ਕੇ ਪੰਜਾਬ ਵਾਸੀਆਂ ਲਈ ਇਕ ਚੰਗੀ ਸੇਧ ਦੇ ਕੇ ਬਰਾਦਰੀ ਦਾ ਨਾਮ ਰੌਸ਼ਨ ਕੀਤਾ ਹੈ ਅਤੇ ਆਪਣੇ ਵੋਟ ਬੈਂਕ ਨਾਲ ਹਮੇਸ਼ਾ ਹੀ ਸਾਰੀਆਂ ਪਾਰਟੀਆਂ ਨੂੰ ਸਹਿਯੋਗ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਰੋੜਾ ਬਰਾਦਰੀ ਨੂੰ ਕਿਸੇ ਵੀ ਪਾਰਟੀ ਨੇ ਬਣਦਾ ਹੱਕ ਨਹੀਂ ਦਿੱਤਾ 1947 ਵੰਡ ਤੋਂ ਲੈ ਕੇ ਹਮੇਸ਼ਾ ਸੇਵਾ ਦੇ ਰੂਪ ਵਿਚ ਬਰਾਦਰੀ ਨੇ ਆਪਣਾ ਅਹਿਮ ਯੋਗਦਾਨ ਅਦਾ ਕੀਤਾ ਹੈ, ਹੁਣ ਮੌਜ਼ੂਦਾ ਸਰਕਾਰ ਨੇ ਵੀ ਆਪਣੇ ਵਾਅਦੇ ਪੂਰੇ ਨਹੀਂ ਕੀਤੇ। ਉਨ੍ਹਾਂ ਕਿਹਾ ਕਿ ਅਰੋੜਾ ਬਰਾਦਰੀ ਦੀ 20 ਪ੍ਰਤੀਸ਼ਤ ਆਬਾਦੀ ਪੰਜਾਬ ਵਿਚ ਹੈ, ਲਗਪਗ 58 ਲੱਖ ਅਬਾਦੀ ਵਾਲੀ ਅਰੋੜਾ ਬਰਾਦਰੀ ਪੰਜਾਬ ਸਰਕਾਰ ਦੀ ਰੀੜ੍ਹ ਦੀ ਹੱਡੀ ਹੈ। ਸਿੱਕੀ ਨੇ ਕਿਹਾ ਕਿ ਅਰੋੜਾ ਬਰਾਦਰੀ ਦੇ ਕੰਮਾਂ ਨੂੰ ਮੁੱਖ ਰੱਖਦੇ ਹੋਏ ਪੰਜਾਬ ਸਰਕਾਰ ਵਿਸ਼ੇਸ਼ ਧਿਆਨ ਦੇਵੇ ਅਤੇ ਬਣਦਾ ਮਾਨ ਸਨਮਾਨ ਅਰੋੜਾ ਬਰਾਦਰੀ ਦਿੱਤਾ ਜਾਵੇ। ਜੇਕਰ ਪੰਜਾਬ ਸਰਕਾਰ ਨੇ ਬਣਦਾ ਮਾਣ ਸਨਮਾਨ ਨਾ ਦਿੱਤਾ ਤਾਂ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿਚ ਸਰਕਾਰ ਨੂੰ ਇਸ ਇਸ ਗੱਲ ਦਾ ਖਮਿਆਜ਼ਾ ਭੁਗਤਣਾ ਪਵੇਗਾ। ਸਿੱਕੀ ਨੇ ਕਿਹਾ ਕਿ ਹੁਣ ਤੱਕ ਅਰੋੜਾ ਬਰਾਦਰੀ ਦੇ ਪੰਜਾਬ ਵਿਚ ਕੁੱਲ 50 ਤੋਂ 55 ਯੂਨਿਟ ਲੋਕ ਭਲਾਈ ਕੰਮਾਂ ਵਿਚ ਆਪਣਾ ਅਹਿਮ ਯੋਗਦਾਨ ਪਾ ਰਹੇ ਹਨ।