ਨਵੀਂ ਦਿੱਲੀ, (ਪੀਟੀਆਈ) : ਸੀਬੀਆਈ ਨੇ ਦੋ ਡਾਕਟਰਾਂ ਖ਼ਿਲਾਫ਼ ਦਵਾਈ ਸਪਲਾਇਰ ਤੋਂ ਇਕ ਕਰੋੜ ਰੁਪਏ ਦੀ ਰਿਸ਼ਵਤ ਮੰਗਣ ਦਾ ਮਾਮਲਾ ਦਰਜ ਕੀਤਾ ਹੈ। ਡਾਕਟਰਾਂ ਨੇ ਸੈਂਟਰਲ ਰੇਟ ਕਾਂਟ੍ਰੈਕਟ ਤਹਿਤ ਪ੍ਰਮੁੱਖ ਦਵਾਈ ਨਿਰਮਾਤਾ ਏਜੰਟ ਵਜੋਂ ਉਨ੍ਹਾਂ ਨੂੰ ਸੂਚੀਬੱਧ ਕਰਨ ਦਾ ਭਰੋਸਾ ਦੇ ਕੇ ਰਿਸ਼ਵਤ ਮੰਗੀ ਸੀ। ਇਹ ਜਾਣਕਾਰੀ ਸ਼ੁੱਕਰਵਾਰ ਨੂੰ ਅਧਿਕਾਰੀਆਂ ਨੇ ਦਿੱਤੀ। ਵਿਕਾਸ ਗੁਪਤਾ ਤੇ ਕਾਜਲ ਗੋਲਦਾਰ ਦੋਵੇਂ ਈਐੱਸਆਈ ਕਾਰਪੋਰੇਸ਼ਨ 'ਚ ਹਨ। ਹਾਲੇ ਦੋਵੇਂ ਤਿਰੂਨੇਲਵੇਲੀ ਤੇ ਕੋਹਲਾਪੁਰ ਦੇ ਹਸਪਤਾਲ 'ਚ ਤਾਇਨਾਤ ਹਨ। ਦੋਵਾਂ ਖ਼ਿਲਾਫ਼ ਸੀਬੀਆਈ ਨੇ ਅਪਰਾਧਿਕ ਸਾਜ਼ਿਸ਼, ਧੋਖਾਦੇਹੀ ਤੇ ਭਿ੍ਸ਼ਟਾਚਾਰ ਰੋਕਥਾਮ ਅਧਿਨਿਯਮ ਦੀਆਂ ਤਜਵੀਜ਼ਾਂ ਤਹਿਤ ਮਾਮਲਾ ਦਰਜ ਕੀਤਾ ਹੈ। ਈਐੱਸਆਈਸੀ ਦੀ ਸ਼ਿਕਾਇਤ 'ਤੇ ਉਨ੍ਹਾਂ ਖ਼ਿਲਾਫ਼ ਕਾਰਵਾਈ ਸ਼ੁਰੂ ਕੀਤੀ ਗਈ ਹੈ। ਈਐੱਸਆਈਸੀ ਨੇ ਦਿੱਲੀ ਦੇ ਦਵਾਈ ਸਪਲਾਇਰ ਦੀ ਸ਼ਿਕਾਇਤ 'ਤੇ ਦੋਵਾਂ ਖ਼ਿਲਾਫ਼ ਨਿਗਰਾਨੀ ਜਾਂਚ ਸ਼ੁਰੂ ਕੀਤੀ ਸੀ। ਦੋਸ਼ ਹੈ ਕਿ 2016-17 ਦੌਰਾਨ ਗੁਪਤਾ ਮੈਡੀਕਲ ਅਫਸਰ ਤੇ ਗੋਲਦਾਰ ਡੈਇਰੈਕਟਰ (ਮੈਡੀਕਲ), ਦਿੱਲੀ ਵਜੋਂ ਨੌਕਰੀ ਕਰ ਰਹੇ ਸਨ। ਦੋਵਾਂ ਨੇ ਸਪਲਾਇਰ ਤੋਂ ਇਕ ਕਰੋੜ ਰੁਪਏ ਦੀ ਰਿਸ਼ਵਤ ਮੰਗੀ ਸੀ। ਸਪਲਾਇਰ ਬਸੰਤ ਗੋਇਲ ਨੇ ਕਥਿਤ ਤੌਰ 'ਤੇ ਗੁਪਤਾ ਦੇ ਖਾਤੇ 'ਚ 38 ਲੱਖ ਉਨ੍ਹਾਂ ਦੀ ਪਤਨੀ ਦੇ ਖਾਤੇ 'ਚ 10 ਲੱਖ ਰੁਪਏ ਜਮ੍ਹਾਂ ਕਰਵਾਏ ਸਨ ਤੇ 52 ਲੱਖ ਰੁਪਏ ਨਕਦ ਦਿੱਤੇ ਸਨ। ਗੋਇਲ ਦੀ ਸ਼ਿਕਾਇਤ 'ਤੇ ਈਐੱਸਆਈਸੀ ਨੇ ਨਿਗਰਾਨੀ ਜਾਂਚ ਸ਼ੁਰੂ ਕੀਤੀ ਸੀ, ਜਿਸ 'ਚ ਖਾਤੇ 'ਚ ਹੋਏ ਭੁਗਤਾਨ ਦੀ ਪੁਸ਼ਟੀ ਹੋਈ।