ਫਿਰੋਜ਼ਪੁਰ, ਜੇਐੱਨਐੱਨ : ਬਠਿੰਡਾ ਦੇ ਜੁਝਾਰ ਨਗਰ ਦੀ ਰਹਿਣ ਵਾਲੀ ਸਿਮਰਨਪ੍ਰੀਤ ਕੌਰ ਖ਼ਿਲਾਫ਼ ਝੂਠਾ ਕੇਸ ਦਰਜ ਕਰਨਾ ਫਿਰੋਜ਼ਪੁਰ ਪੁਲਿਸ ਨੂੰ ਮਹਿੰਗਾ ਪੈ ਗਿਆ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਆਦੇਸ਼ 'ਤੇ ਕੈਂਟ ਥਾਣਾ ਦੇ ਤਤਕਾਲੀ ਐੱਸਐੱਚਓ ਰਾਜੇਸ਼ ਕੁਮਾਰ (ਵਰਤਮਾਨ 'ਚ ਬਠਿੰਡਾ 'ਚ ਡੀਐੱਸਪੀ ਕ੍ਰਾਈਮ ਅਹੁਦੇ 'ਤੇ ਤਾਇਨਾਤ) ਸਮੇਤ 12 ਪੁਲਿਸ ਮੁਲਾਜ਼ਮਾਂ ਤੇ ਕਰਮਚਾਰੀਆਂ ਖ਼ਿਲਾਫ਼ ਔਰਤ ਨੂੰ ਨਾਜਾਇਜ਼ ਹਿਰਾਸਤ 'ਚ ਰੱਖਣ ਅਤੇ ਉਸ ਨੂੰ ਤਸੀਹੇ ਦੇਣ ਦਾ ਕੇਸ ਦਰਜ ਹੋਇਆ ਹੈ।

ਕੇਸ 'ਚ ਅਜੇ ਸਿਰਫ਼ ਰਾਜੇਸ਼ ਕੁਮਾਰ ਦਾ ਹੀ ਨਾਂ ਦਿੱਤਾ ਗਿਆ ਹੈ, ਬਾਕੀ ਹੋਰਨਾਂ ਦੀ ਪਛਾਣ ਕੀਤੀ ਜਾ ਰਹੀ ਹੈ। 14 ਨਵੰਬਰ ਨੂੰ ਹਾਈ ਕੋਰਟ 'ਚ ਹੋਈ ਸੁਣਾਈ 'ਚ ਐੱਸਐੱਸਪੀ ਫਿਰੋਜ਼ਪੁਰ ਵਿਵੇਕਸ਼ੀਲ ਸੋਨੀ ਨੇ ਐੱਫਆਈਆਰ 'ਚ ਸਾਰੇ ਮੁਲਜ਼ਮਾਂ ਦੇ ਨਾਂਵਾਂ ਦਾ ਉਲੇਖ ਕਰ ਕੇ 19 ਨਵੰਬਰ ਤਕ ਅਦਾਲਤ 'ਚ ਰਿਪੋਰਟ ਦੀ ਕਾਪੀ ਜਮ੍ਹਾ ਕਰਵਾਉਣ ਦਾ ਭਰੋਸਾ ਦਿੱਤਾ ਹੈ।

ਬਠਿੰਡਾ ਦੀ ਸਿਮਰਨਪ੍ਰੀਤ ਕੌਰ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ 'ਚ ਦਾਇਰ ਪਟੀਸ਼ਨ 'ਚ ਦੱਸਿਆ ਕਿ 13 ਜੂਨ 2017 ਕੈਂਟ ਥਾਣਾ ਫਿਰੋਜ਼ਪੁਰ 'ਚ ਤਾਇਨਾਤ ਰਹੇ ਰਾਜੇਸ਼ ਕੁਮਾਰ ਅਤੇ 12 ਤੋਂ 12 ਹੋਰ ਪੁਲਿਸ ਮੁਲਾਜ਼ਮਾਂ ਅਤੇ ਅਧਿਕਾਰੀਆਂ ਨੇ ਉਸ ਨੂੰ ਫੜਿਆ ਅਤੇ ਸੀਆਈਏ ਸਟਾਫ਼ ਫਿਰੋਜ਼ਪੁਰ ਦੇ ਹਵਾਲੇ ਕਰ ਦਿੱਤਾ। ਉਸ ਨੂੰ ਦੋ ਦਿਨ ਤਕ ਨਾਜਾਇਜ਼ ਹਿਰਾਸਤ 'ਚ ਰੱਖਿਆ ਗਿਆ। ਇਸ ਤੋਂ ਬਾਅਦ 15 ਜੂਨ 2017 ਨੂੰ ਫਿਰੋਜ਼ਪੁਰ ਕੈਂਟ ਪੁਲਿਸ ਨੇ ਧਾਰਾ 109 ਤਹਿਤ ਅਵਾਰਾਗਰਦੀ ਦਾ ਝੂਠਾ ਮੁਕੱਦਮਾ ਦਰਜ ਕਰ ਦਿੱਤਾ।

ਬਾਅਦ 'ਚ ਐੱਸਡੀਐੱਮ ਦੀ ਅਦਾਲਤ ਤੋਂ ਉਸ ਨੂੰ ਜ਼ਮਾਨਤ ਮਿਲ ਗਈ। ਜ਼ਮਾਨਤ ਮਿਲਣ ਤੋਂ ਬਾਅਦ ਉਹ ਫ਼ਰੀਦਕੋਟ ਮੈਡੀਕਲ ਕਾਲਜ 'ਚ ਦਾਖਲ ਹੋ ਗਈ ਅਤੇ ਐੱਮਐੱਲਆਰ ਕਟਵਾਇਆ। ਉਸ ਨੇ ਦੱਸਿਆ ਕਿ ਉਹ ਪੁਲਿਸ ਅਧਿਕਾਰੀਆਂ ਕੋਲ ਫਰਿਆਦ ਲੈ ਕੇ ਗਈ, ਪਰ ਉਸ ਨੂੰ ਨਿਰਾਸ਼ਾ ਹੱਥ ਲੱਗੀ। ਹਾਰ ਕੇ ਉਸ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ।

14 ਨਵੰਬਰ ਨੂੰ ਹਾਈ ਕੋਰਟ ਨੇ ਕੈਂਟ ਥਾਣਾ ਦੇ ਐੱਸਐੱਚਓ ਰਹੇ ਰਾਜੇਸ਼ ਕੁਮਾਰ ਖ਼ਿਲਾਫ਼ ਮੁਕੱਦਮਾ ਦਰਜ ਕਰਨ ਦਾ ਆਦੇਸ਼ ਦਿੱਤਾ। ਰਾਜੇਸ ਕੁਮਾਰ ਜਿਸ ਥਾਣਾ ਦੇ ਇੰਚਾਰਜ ਰਹੇ ਹਨ, ਉਸੇ ਥਾਣੇ 'ਚ ਉਸ ਦੇ ਖਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਰਾਜੇਸ਼ ਕੁਮਾਰ ਨੂੰ ਅਗਸਤ 2017 'ਚ ਐੱਸਐੱਚਓ ਰਹਿੰਦੇ ਹੋਏ ਲਾਈਨ ਹਾਜ਼ਰ ਵੀ ਕੀਤਾ ਗਿਆ ਸੀ।


ਡੀਐੱਸਪੀ ਨੇ ਨਕਾਰੇ ਦੋਸ਼, ਕਿਹਾ-ਮੈਂ ਕਾਨੂੰਨ ਅਨੁਸਾਰ ਕਾਰਵਾਈ ਕੀਤੀ

ਡੀਐੱਸਪੀ ਰਾਜੇਸ ਕੁਮਾਰ ਨੇ ਕਿਹਾ ਕਿ ਪੁਲਿਸ ਨੇ ਸ਼ਿਕਾਇਤਕਰਤਾ ਨੂੰ ਉਸ ਦੌਰਾਨ ਆਵਾਰਾਗਰਦੀ ਕਰਦੇ ਹੋਏ ਰਾਤ ਸਮੇਂ ਫੜਿਆ ਸੀ। ਮੈਂ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਸੀ। ਮਾਮਲੇ ਦੀ ਜਾਂਚ ਏਐੱਸਆਈ ਕਰ ਰਹੀ ਸੀ। ਔਰਤ ਨੂੰ ਐੱਸਡੀਐੱਮ ਕੋਰਟ 'ਚ ਪੇਸ਼ ਕਰਨ ਤੋਂ ਬਾਅਦ ਜ਼ਮਾਨਤ 'ਤੇ ਛੱਡਿਆ ਗਿਆ ਸੀ। ਉਹ ਪੂਰੀ ਤਰ੍ਹਾਂ ਬੇਗੁਨਾਹ ਹੈ।

Posted By: Jagjit Singh