ਸਟਾਫ ਰਿਪੋਰਟਰ, ਫਿਰੋਜ਼ਪੁਰ : ਇੱਥੋਂ ਦੇ ਨੇੜਲੇ ਪਿੰਡ ਰੱਖੜੀ ਖੁਸ਼ਹਾਲ ਸਿੰਘ ਵਾਲਾ ਵਿਖੇ ਬੋਲ ਬੁਲਾਰੇ ਦੀ ਰੰਜ਼ਿਸ਼ ਨੂੰ ਲੈ ਕੇ ਮਾਂ ਪੁੱਤਰ ਦੀ ਕੁੱਟਮਾਰ ਕਰਨ ਦੇ ਦੋਸ਼ ਵਿਚ ਥਾਣਾ ਸਦਰ ਫਿਰੋਜ਼ਪੁਰ ਦੀ ਪੁਲਿਸ ਨੇ 6 ਲੋਕਾਂ ਖਿਲਾਫ ਆਈਪੀਸੀ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਪਾਰਟੀ ਨੂੰ ਦਿੱਤੇ ਬਿਆਨਾਂ 'ਚ ਤਰਸੇਮ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀ ਪਿੰਡ ਰੱਖੜੀ ਖੁਸ਼ਹਾਲ ਸਿੰਘ ਵਾਲਾ ਨੇ ਦੱਸਿਆ ਕਿ ਉਸ ਦੀ ਮਾਤਾ ਤੇਜ ਕੌਰ ਆਪਣੇ ਘਰ ਦੇ ਸਾਹਮਣੇ ਹਵੇਲੀ ਵਿਚ ਪਸ਼ੂਆਂ ਨੂੰ ਪਾਣੀ ਪਿਆਉਣ ਗਈ ਸੀ ਤੇ ਪਾਣੀ ਪਿਆ ਕੇ ਬੱਠਲ ਵਿਚਲਾ ਬਾਕੀ ਪਾਣੀ ਸੜਕ ਤੇ ਖਿਲਾਰ ਦਿੱਤਾ, ਜਿਸ ਤੇ ਕੁਸ਼ਲਿਆ ਪਤਨੀ ਜੰਗੀਰ ਸਿੰਘ ਜੋ ਉਨਾਂ੍ਹ ਦੀ ਗੁਆਂਢਣ ਹੈ, ਨੇ ਬੋਲ ਬੁਲਾਰਾ ਕਰਨਾ ਸ਼ੁਰੂ ਕਰ ਦਿੱਤਾ ਤੇ ਮੁਲਜ਼ਮਾਂ ਕੁਸ਼ਲਿਆ, ਜੰਗੀਰ ਸਿੰਘ, ਗੁਰਬਚਨ ਸਿੰਘ, ਜਸਬੀਰ ਸਿੰਘ, ਕਿਰਨਕੌਰ, ਸਰਬਜੀਤ ਕੌਰ ਨੇ ਇਕੱਠੇ ਹੋ ਕੇ ਉਸ ਦੇ ਘਰ ਜਾ ਕੇ ਉਸ ਦੀ ਤੇ ਉਸ ਦੀ ਮਾਤਾ ਤੇਜ ਕੌਰ ਦੀ ਕੁੱਟਮਾਰ ਕੀਤੀ ਤੇ ਘਰ ਦੇ ਸਾਮਾਨ ਦੀ ਭੰਨ-ਤੋੜ ਕੀਤੀ। ਇਸ ਮਾਮਲੇ ਦੀ ਜਾਂਚ ਕਰ ਰਹੇ ਏਐੱਸਆਈ ਗੁਰਮੇਲ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ 'ਤੇ ਉਕਤ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।