ਪਰਮਿੰਦਰ ਸਿੰਘ ਥਿੰਦ, ਫਿਰੋਜ਼ਪੁਰ : ਪਤੀ ਨਾਲ ਅਣਬਣ ਦੇ ਚੱਲਦਿਆਂ ਬੀਤੇ ਦੱਸ ਮਹੀਨਿਆਂ ਤੋਂ ਪੇਕੇ ਘਰ ਰਹਿ ਰਹੀ

ਮਾਂ ਤੋਂ ਜਦੋਂ ਮਾਸੂਮ ਬੱਚਿਆਂ ਦੀ ਜੁਦਾਈ ਬਰਦਾਸ਼ਤ ਨਾ ਹੋਈ ਤਾਂ ਉਸ ਨੇ ਆਪਣੇ ਹੀ ਬੱਚਿਆਂ ਨੂੰ ਅਗਵਾ ਕਰਵਾ ਲਿਆ। ਪਿੰਡ ਨੂਰੇ ਕੇ ਸਕੂਲ ਦੇ ਮੇਨ ਗੇਟ ਤੋਂ 7 ਸਾਲ ਅਤੇ 5 ਸਾਲ ਦੇ ਦੋ ਛੋਟੇ ਬੱਚਿਆਂ ਨੂੰ ਕਾਰ ਵਿਚ ਜ਼ਬਰਦਸਤੀ ਸੁੱਟ ਕੇ ਅਗਵਾ ਕਰ ਲੈ ਜਾਣ ਦੇ ਦੋਸ਼ ਵਿਚ ਪੁਲਿਸ ਨੇ 6 ਜਣਿਆਂ ਖਿਲਾਫ਼ 365, 120-ਬੀ ਆਈਪੀਸੀ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਦਲੀਪ ਸਿੰਘ ਪੁੱਤਰ ਅਰਜਨ ਸਿੰਘ ਵਾਸੀ ਪਿੰਡ ਨੂਰੇ ਕੇ ਨੇ ਦੱਸਿਆ ਕਿ ਉਸ ਦੇ ਚਾਚੇ ਦੇ ਲੜਕੇ ਬਲਦੇਵ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਪਿੰਡ ਨੂਰੇ ਕੇ ਜੋ ਦੋਸ਼ੀ ਮਲੂਕ ਸਿੰਘ ਪੁੱਤਰ ਜੀਤ ਸਿੰਘ ਦੀ ਲੜਕੀ ਹਰਮਨ ਨਾਲ ਕਰੀਬ 8 ਸਾਲ ਤੋਂ ਸ਼ਾਦੀਸ਼ੁਦਾ ਹੈ ਤੇ ਦੋਵੇਂ ਜੀਆਂ ਦੀ ਅਣਬਣ ਹੋਣ ਕਰਕੇ ਹਰਮਨ ਆਪਣੇ ਪੇਕੇ ਘਰ ਕਰੀਬ 10 ਮਹੀਨੇ ਤੋਂ ਰਹਿ ਰਹੀ ਹੈ ਤੇ ਬੱਚੇ ਆਪਣੇ ਪਿਤਾ ਬਲਦੇਵ ਸਿੰਘ ਕੋਲ ਰਹਿੰਦੇ ਹਨ। ਦਲੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਦੋਸ਼ੀਅਨ ਨਾਲ ਰਿਸ਼ਤੇਦਾਰੀ ਹੋਣ ਕਰਕੇ ਇਹ ਪਹਿਲਾਂ ਕਈ ਵਾਰੀ ਉਨ੍ਹਾਂ ਦੇ ਪਿੰਡ ਆਉਂਦੇ ਰਹੇ ਹਨ। ਮਿਤੀ 30 ਜੁਲਾਈ 2021 ਨੂੰ ਦੋਸ਼ੀਅਨ ਮਲੂਕ ਸਿੰਘ, ਰਣਜੋਤ ਸਿੰਘ ਪੁੱਤਰ ਮਲੂਕ ਸਿੰਘ, ਮੁਖਤਿਆਰ ਸਿੰਘ ਪੁੱਤਰ ਜੀਤ ਸਿੰਘ, ਪਰਮਜੀਤ ਕੌਰ ਉਰਫ ਪੰਮੋ ਪਤਨੀ ਮਲੂਕ ਸਿੰਘ ਵਾਸੀਅਨ ਗਹਿਲਾ ਭੈਣੀ, ਮਲਕੀਤ ਸਿੰਘ ਉਰਫ ਗੱਬਰ ਪੁੱਤਰ ਬਲਕਾਰ ਸਿੰਘ ਵਾਸੀ ਪਿੰਡ ਚੱਕ ਬਜੀਦਾ ਅਤੇ ਵੀਰ ਸਿੰਘ ਪੁੱਤਰ ਗੁਰਬਖਸ਼ ਸਿੰਘ ਵਾਸੀ ਈਸਾ ਪੰਜ ਗਰਾਈਂ ਨੇ ਸਕੂਲ ਪਿੰਡ ਨੂਰੇ ਕੇ ਦੇ ਮੇਨ ਗੇਟ ਅੰਦਰ ਵੜ ਕੇ ਬਲਦੇਵ ਸਿੰਘ ਦੇ ਲੜਕਿਆਂ ਕਮਲ ਰਾਏ (7 ਸਾਲ) ਤੇ ਅਬੀਨੂਰ ਸਿੰਘ (5 ਸਾਲ) ਵਾਸੀਅਨ ਪਿੰਡ ਨੂਰੇ ਕੇ ਨੂੰ ਕਾਰ ਵਿਚ ਜ਼ਬਰਦਸਤੀ ਸੁੱਟ ਕੇ ਕਾਰ ਮਾਹਮੂਜੋਈਆਂ ਵਾਲੀ ਸੜਕ ਨੂੰ ਭਜਾ ਕੇ ਲੈ ਗਏ। ਇਸ ਮਾਮਲੇ ਦੀ ਜਾਂਚ ਕਰ ਰਹੇ ਏਐੱਸਆਈ ਜਸਪਾਲ ਚੰਦ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ 'ਤੇ ਉਕਤ ਦੋਸ਼ੀਅਨ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ।

Posted By: Ramandeep Kaur