ਪਰਮਿੰਦਰ ਸਿੰਘ ਥਿੰਦ,ਫਿਰੋਜ਼ਪੁਰ; ਨੇਤਾ ਜੀ ਦੇ ਪੀ ਏ ਦੀ ਕਾਰ ਚੋਰੀ ਹੋਈ ਤਾਂ ਉਨ੍ਹਾਂ ਆਪ ਪੁਲਿਸ ਪਾਰਟੀ ਨਾਲ ਮਿਲ ਕੇ ਸ਼ਹਿਰ ਦੇ ਗੁਰੂ ਰਾਮਦਾਸ ਨਗਰ ਦੇ ਇਕ ਮੋਟਰ ਗੈਰੇਜ਼ 'ਚ ਛਾਪੇਮਾਰੀ ਕਰਦਿਆਂ ਚੋਰੀ ਹੋਈ ਗੱਡੀ ਸਮੇਤ ਚੋਰ ਗਿਰੋਹ ਦੇ ਕੁੱਝ ਮੈਂਬਰਾਂ ਨੂੰ ਗ੍ਰਿਫਤਾਰ ਕਰਵਾਇਆ।

ਹਾਲਾਂਕਿ ਇਸ ਸਬੰਧੀ ਅਜੇ ਪੁਲਿਸ ਬਹੁਤਾ ਕੁੱਝ ਨਹੀਂ ਦੱਸ ਰਹੀ ਹੈ ਪਰ ਚਸ਼ਮਦੀਦਾਂ ਅਨੁਸਾਰ, ਪੁਲਿਸ ਨੇ ਮੌਕੇ ਤੋਂ ਦੋ ਕਾਰਾਂ ਸਮੇਤ ਗਿਰੋਹ ਦੇ ਕੁੱਝ ਮੈਂਬਰਾਂ ਨੂੰ ਕਾਬੂ ਕੀਤਾ ਹੈ। ਇਸ ਸਬੰਧੀ ਥਾਣਾ ਸਿਟੀ ਪੁਲਿਸ ਨੇ ਇਸ ਘਟਨਾ ਦੀ ਪੁਸ਼ਟੀ ਤਾਂ ਕੀਤੀ ਹੈ ਪਰ ਬਰਾਮਦਗੀ ਅਤੇ ਚੋਰਾਂ ਦੀ ਗਿਣਤੀ ਸਬੰਧੀ ਮੁੱਢਲੇ ਤੌਰ 'ਤੇ ਕੁੱਝ ਵੀ ਦੱਸਣ ਤੋਂ ਇਨਕਾਰ ਕਰ ਦਿੱਤਾ। ਐਸਐਚਥਾਣਾ ਸਿਟੀ ਮਨੋਜ ਕੁਮਾਰ ਨੇ ਦੱਸਿਆ ਕਿ ਫੜੇ ਗਏ ਚੋਰਾਂ ਤੋਂ ਪੁੱਛਗਿਛ ਤੋਂ ਬਾਅਦ ਹੀ ਦੱਸਿਆ ਜਾ ਸਕਦਾ ਹੈ।

ਜ਼ਿਕਰਯੋਗ ਹੈ ਕਿ ਹਲਕਾ ਫਿਰੋਜ਼ਪੁਰ ਦਿਹਾਤੀ ਦੀ ਵਿਧਾਇਕਾ ਸਤਿਕਾਰ ਕੌਰ ਦੇ ਪੀਏ ਦੀ ਕਾਰ ਚੋਰੀ ਹੋਈ ਤਾਂ ਵਿਧਾਇਕਾ ਦੇ ਪਤੀ ਜਸਮੇਲ ਸਿੰਘ ਲਾਡੀ ਗਹਿਰੀ ਨੇ ਆਪਣੇ "ਸੂਤਰਾਂ " ਜ਼ਰੀਏ ਖੋਜ ਕੱਢਦਿਆਂ ਪੁਲਿਸ ਪਾਰਟੀ ਨਾਲ ਆਪ ਹੀ ਛਾਪਾ ਮਾਰਨ ਆ ਪਹੁੰਚੇ। ਸ਼ਹਿਰ ਦੇ ਗੁਰੂ ਰਾਮਦਾਸ ਨਗਰ ਦੇ ਇਕ ਮੋਟਰ ਗੈਰੇਜ਼ 'ਚੋਂ ਉਸ ਵੇਲੇ ਪੀ ਏ ਦੀ ਚੋਰੀ ਹੋਈ ਕਾਰ ਬਰਾਮਦ ਕਰ ਲਈ ਜਦੋਂ ਕਥਿਤ ਚੋਰਾਂ ਵੱਲੋਂ ਉਸ ਨੂੰ ਅਜੇ ਖੋਲ੍ਹ ਕੇ ਖੁਰਦ ਬੁਰਦ ਕੀਤੇ ਜਾਣ ਦੀ ਕੋਸ਼ਿਸ਼ ਹੀ ਕੀਤੀ ਜਾ ਰਹੀ ਸੀ। ਨਾਲ ਆਈ ਪੁਲਿਸ ਪਾਰਟੀ ਵੱਲੋਂ ਪੁਲਿਸ ਦੀ ਜੀਪ ਮਗਰ ਪੀਏ ਦੀ ਕਾਰ ਨੂੰ ਟੋਅ ਕਰ ਕੇ ਥਾਣੇ ਲਿਜਾਇਆ ਗਿਆ।

ਪੁੱਛਗਿਛ ਮਗਰੋਂ ਹੋਰ ਬਰਾਮਦਗੀ ਹੋਣ ਦੀ ਸੰਭਾਵਨਾ ਹੈ : ਥਾਣਾ ਮੁਖੀ

ਥਾਣਾ ਸਿਟੀ ਮੁਖੀ ਨੇ ਮਾਮਲੇ ਦੀ ਪੁਸ਼ਟੀ ਕਰਦਿਆਂ ਇੰਨਾ ਹੀ ਦੱਸਿਆ ਕਿ ਫੜੇ ਗਏ ਲੋਕਾਂ ਤੋਂ ਪੁੱਛਗਿਛ ਮਗਰੋਂ ਹੀ ਵਧੇਰੇ ਜਾਣਕਾਰੀ ਦਿੱਤੀ ਜਾ ਸਕਦੀ ਹੈ। ਜ਼ਿ ਕਰਯੋਗ ਹੈ ਕਿ ਇਕ ਪਾਸੇ ਜਿਥੇ ਕੋਰੋਨਾ ਵਾਇਰਸ ਦੇ ਚੱਲਦਿਆਂ ਪੁਲਿਸ ਦਿਨ ਭਰ ਰਾਤ ਲਗਾਤਾਰ ਡਿਊਟੀ ਨਿਭਾਅ ਰਹੀ ਹੈ, ਉਥੇ ਇੰਨ੍ਹਾਂ ਹਲਾਤਾਂ ਵਿਚ ਵੀ ਗੈਰ ਸਮਾਜੀ ਅਨਸਰਾਂ 'ਤੇ ਪੁਲਿਸ ਨੇ ਪੂਰੀ ਨਜ਼ਰ ਰੱਖੀ ਹੋਈ ਹੈ।

Posted By: Jagjit Singh