ਪਰਮਿੰਦਰ ਸਿੰਘ ਥਿੰਦ, ਫਿਰੋਜ਼ਪੁਰ : ਕਨਫੈਡਰੇਸ਼ਨ ਆਫ ਆਲ ਇੰਡੀਆ ਟਰੇਡਰਜ਼ (ਕੈਟ) ਵੱਲੋਂ ਸ਼ੁਕਰਵਾਰ ਨੂੰ ਦਿੱਤੀ ਗਈ ਦੇਸ਼ ਪੱਧਰੀ ਹੜਤਾਲ ਨੂੰ ਸਥਾਨਕ ਵਪਾਰੀਆਂ ਨੇ ਬਿਲਕੁਲ ਵੀ ਹੁੰਗਾਰਾ ਨਹੀਂ ਦਿੱਤਾ। ਫਿਰੋਜ਼ਪੁਰ ਸ਼ਹਿਰ ਅਤੇ ਛਾਉਣੀ ਤੋਂ ਇਲਾਵਾ ਆਸਪਾਸ ਦੇ ਜ਼ਿਲਿ੍ਹਆਂ ਦੇ ਬਾਜ਼ਾਰ ਵੀ ਆਮ ਵਾਂਗ ਖੁਲ੍ਹੇ ਰਹੇ। ਇਸ ਸਬੰਧੀ ਜਿਥੇ ਜ਼ਿਆਦਾਤਰ ਵਪਾਰੀਆਂ ਨੇ ਤਾਲਮੇਲ ਦੀ ਕਮੀਂ ਅਤੇ 'ਕੋਈ ਇਤਲਾਹ ਨਾ ਹੋਣਾ' ਦਾ ਬਹਾਨਾ ਬਣਾ ਕੇ ਦੁਕਾਨਾਂ ਖੌਲੀ ਰੱਖੀਆਂ ਤਾਂ ਕਈਆਂ ਨੇ ਇਹ ਆਖ ਕੇ ਗੱਲ ਹੀ ਨਿਬੇੜ ਦਿੱਤੀ ਕਿ ਸਰਕਾਰ ਬੀਤੇ ਤਿੰਨ ਮਹੀਨਿਆਂ ਤੋਂ ਦਿੱਲੀ ਵਿਖੇ ਪ੍ਰਰਦਸ਼ਨ ਕਰ ਰਹੇ ਲੱਖਾਂ ਕਿਸਾਨਾਂ ਦੀ ਗੱਲ ਨਹੀਂ ਸੁਣ ਰਹੀ ਤਾਂ ਇਕ ਦਿਨ ਦੇ ਬੰਦ ਨਾਲ ਉਨ੍ਹਾਂ ਦੀ ਕੀ ਗੱਲ ਸੁਣੇਗੀ। ਇਸ ਮੋਕੇ ਜ਼ਿਆਦਾਤਰ ਵਪਾਰੀਆਂ ਨੇ ਮੰਨਿਆਂ ਕਿ ਜੀਐਸਟੀ ਅਤੇ ਪੈਟਰੋਲ-ਡੀਜ਼ਲ ਮਾਰੂ ਹੱਦ ਤੱਕ ਖਤਰਨਾਕ ਊਚਾਈ 'ਤੇ ਪਹੰੁਚ ਚੁੱਕੇ ਹਨ,ਦੁਕਾਨਦਾਰੀ ਅਤੇ ਵਪਾਰ ਕਰਨੇ ਨਾਮੁਮਕਿਨ ਦੀ ਹੱਦ ਤੱਕ ਅੌਖੇ ਹੋਏ ਪਏ ਹਨ,ਪਰ ਸਰਕਾਰ ਨੂੰ ਕੌਣ ਸਮਝਾਏ। ਵੋਟ ਪਾਵਰ ਸਬੰਧੀ ਪੁੱਛੇ ਜਾਣ 'ਤੇ ਕਈਆਂ ਨੇ ਤਾਂ ਢ੍ਹੇਰੀ ਢਾਉਂਦਿਆਂ ਇਹ ਤੱਕ ਆਖ ਦਿੱਤਾ ਕਿ ਜਿੰਨ੍ਹਾਂ ਚਿਰ ਸਰਕਾਰ ਕੋਲ ਈਵੀਐਮ ਦਾ ਸਹਾਰਾ ਹੈ ਅਤੇ ਕਾਰਪੋਰੇਟ ਘਰਾਣਿਆਂ ਦੇ ਨੋਟ ਹਨ ਤਾਂ ਸਾਡੀ ਵੋਟ 'ਆਟੋਮੈਟਿਕਲੀ' ਸਰਕਾਰ ਨੂੰ ਹੀ ਪੈ ਜਾਣੀ ਹੈ। ਜਿਕਰਯੋਗ ਹੈ ਕਿ ਦੇਸ਼ ਵਿਚ ਵੱਧ ਰਹੀ ਮਹਿੰਗਾਈ, ਵਪਾਰੀਆਂ ਦੇ ਜੀ ਦਾ ਸ਼ੁਰੂ ਤੋਂ ਹੀ ਜੰਜਾਲ ਬਣੀਂ ਹੋਈ ਜੀਐਸਟੀ ਅਤੇ ਪੈਟਰੋਲ ਡੀਜ਼ਲ ਦੀ ਕੀਮਤ ਸੋ ਦੇ ਪਾਰ ਪਹੰੁਚ ਜਾਣ ਤੋਂ ਦੁਖੀ ਕੌਮੀ ਪੱਧਰ ਦੇ ਵਪਾਰ ਮੰਡਲ ਵੱਲੋਂ ਆਲ ਇੰਡੀਆ ਬੰਦ ਦੀ ਕਾਲ ਕੀਤੀ ਗਈ ਸੀ,ਪਰ ਤਾਲਮੇਲ ਦੀ ਕਮੀਂ ਜਾਂ ਕਿਸੇ ਹੋਰ ਕਾਰਨਾਂ ਕਰਕੇ ਬੰਦ ਦੀ ਇਹ ਕਾਲ ਲਗਭਗ ਫੇਲ ਹੀ ਰਹੀ । ਫਿਰੋਜ਼ਪੁਰ ਸ਼ਹਿਰ ਅਤੇ ਛਾਉਣੀ ਵਪਾਰ ਮੰਡਲ ਨਾਲ ਸਬੰਧਤ ਵਪਾਰੀਆਂ ਨੇ ਦੱਸਿਆ ਕਿ ਫਿਰੋਜ਼ਪੁਰ ਵਿਚ ਦੁਕਾਨਦਾਰਾਂ ਵੱਲੋਂ ਅੱਜ ਹੜਤਾਲ ਨਹੀਂ ਕੀਤੀ ਗਈ।