ਬਲਰਾਜ, ਫਾਜ਼ਿਲਕਾ : ਸੂਬੇ 'ਚ ਮਾਹਰ ਡਾਕਟਰਾਂ ਦੀ ਕਮੀ ਨੂੰ ਦੂਰ ਕਰਨ ਲਈ ਪੰਜਾਬ ਸਰਕਾਰ ਵੱਲੋਂ ਡਾਕਟਰਾਂ ਦੀ ਸੇਵਾ ਮੁਕਤੀ ਦੀ ਉਮਰ ਹੱਦ 58 ਤੋਂ ਵਧਾ ਕੇ 65 ਸਾਲ ਕਰਨ 'ਤੇ ਵਿਚਾਰ ਕੀਤਾ ਜਾ ਰਿਹਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਿਹਤ ਤੇ ਪਰਿਵਾਰ ਭਲਾਈ ਅਤੇ ਕਿਰਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਜ਼ਿਲ੍ਹਾ ਸ਼ਿਕਾਇਤ ਨਿਵਾਰਣ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਨ ਉਪਰੰਤ ਪੱਤਰਕਾਰ ਮਿਲਣੀ ਦੌਰਾਨ ਕੀਤਾ।

ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਵੱਲੋਂ ਡਾਕਟਰਾਂ ਨੂੰ ਮੁਢਲਾ ਤਨਖ਼ਾਹ ਸਕੇਲ ਦੇਣ ਕਾਰਨ ਨਵੇਂ ਡਾਕਟਰਾਂ 'ਚ ਸਰਕਾਰੀ ਨੌਕਰੀ ਪ੍ਰਤੀ ਉਤਸ਼ਾਹ ਘੱਟ ਗਿਆ ਸੀ, ਜਿਸ ਕਾਰਨ ਹਸਪਤਾਲਾਂ 'ਚ ਡਾਕਟਰਾਂ ਦੀ ਘਾਟ ਮਹਿਸੂਸ ਹੋਣ ਲੱਗੀ ਸੀ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸਰਕਾਰੀ ਡਾਕਟਰਾਂ ਦੀ ਤਨਖ਼ਾਹ ਵਧਾ ਦਿੱਤੀ ਹੈ, ਜਿਸ ਕਾਰਨ ਨੌਜਵਾਨ ਡਾਕਟਰ ਦੁਬਾਰਾ ਸਰਕਾਰੀ ਨੌਕਰੀ ਵੱਲ ਉਤਸ਼ਾਹਤ ਹੋ ਰਹੇ ਹਨ।

ਉਨ੍ਹਾਂ ਦੱਸਿਆ ਕਿ ਡਾਕਟਰਾਂ ਦੀ ਸੇਵਾ ਮੁਕਤੀ ਦੀ ਉਮਰ ਹੱਦ 58 ਤੋਂ 65 ਸਾਲ ਕਰਨ ਦੇ ਫ਼ੈਸਲੇ ਪਿੱਛੇ ਇਕ ਮੰਤਵ ਇਹ ਵੀ ਹੈ ਕਿ ਡਾਕਟਰਾਂ ਦਾ ਪਿਛਲੇ ਅਰਸੇ ਦੌਰਾਨ ਪਿਆ ਕਾਲ ਅਗਲੇ 7 ਸਾਲਾਂ 'ਚ ਪੂਰਾ ਹੋ ਜਾਵੇਗਾ ਅਤੇ ਇਸ ਅਰਸੇ ਦੌਰਾਨ ਸੂਬੇ 'ਚ ਡਾਕਟਰਾਂ ਦੀ ਕਮੀ ਵੀ ਨਹੀਂ ਆਵੇਗੀ।

ਪੱਤਰਕਾਰਾਂ ਵੱਲੋਂ ਪੁੱਛੇ ਇਕ ਸਵਾਲ ਦੇ ਜਵਾਬ 'ਚ ਸਿਹਤ ਮੰਤਰੀ ਨੇ ਐਲਾਨ ਕੀਤਾ ਕਿ ਜ਼ਿਲ੍ਹਾ ਫ਼ਾਜ਼ਿਲਕਾ ਵਿਖੇ ਛੇਤੀ ਹੀ ਮਾਹਰ ਡਾਕਟਰ ਭੇਜੇ ਜਾਣਗੇ। ਉਨ੍ਹਾਂ ਕਿਹਾ ਕਿ ਉਹ 11 ਜੂਨ ਨੂੰ ਸਿਹਤ ਵਿਭਾਗ ਦੇ ਅਧਿਕਾਰੀਆਂ ਦੀ ਪਲੇਠੀ ਮੀਟਿੰਗ ਲੈਣਗੇ, ਜਿਸ ਵਿੱਚ ਸੂਬੇ ਦੇ ਹਸਪਤਾਲਾਂ ਵਿੱਚ ਡਾਕਟਰਾਂ ਦੀ ਕਮੀ, ਹਸਪਤਾਲਾਂ ਦੀਆਂ ਇਮਾਰਤਾਂ ਅਤੇ ਮੈਡੀਕਲ ਮਸ਼ੀਨਰੀ ਸਬੰਧੀ ਸੂਚਨਾ ਇਕੱਤਰ ਕੀਤੀ ਜਾਵੇਗੀ।

'ਸਹੀ ਸਮੇਂ 'ਤੇ ਸਹੀ ਇਲਾਜ' ਤਹਿਤ ਕੀਤਾ ਜਾਵੇਗਾ ਕੰਮ

ਸਿਹਤ ਮੰਤਰੀ ਨੇ ਕਿਹਾ ਕਿ 'ਸਹੀ ਸਮੇਂ 'ਤੇ ਸਹੀ ਇਲਾਜ' ਦੇ ਫਾਰਮੂਲੇ 'ਤੇ ਕੰਮ ਕੀਤਾ ਜਾਵੇਗਾ ਤਾਂ ਜੋ ਹਰੇਕ ਹਸਪਤਾਲ 'ਚ ਡਾਕਟਰਾਂ ਅਤੇ ਦਵਾਈਆਂ ਮੁਹੱਈਆ ਹੋਣ ਨੂੰ ਯਕੀਨੀ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਸੂਬੇ ਦੇ ਸਾਰੇ ਹਸਪਤਾਲਾਂ 'ਚ ਮੁਫ਼ਤ ਮਿਲਦੀਆਂ ਜੀਵਨ-ਰੱਖਿਅਕ 236 ਦਵਾਈਆਂ ਯਕੀਨੀ ਬਣਾਈਆਂ ਜਾਣਗੀਆਂ ਤਾਂ ਜੋ ਲੋਕਾਂ ਨੂੰ ਸਸਤਾ ਤੇ ਵਧੀਆ ਇਲਾਜ ਮੁਹੱਈਆ ਕਰਾਉਣ ਦੀ ਕਾਂਗਰਸ ਸਰਕਾਰ ਦੀ ਵਚਨਬੱਧਤਾ ਪੂਰੀ ਕੀਤੀ ਜਾ ਸਕੇ।

ਉਨ੍ਹਾਂ ਔਰਤਾਂ ਲਈ ਵਿਸ਼ੇਸ਼ੀਕ੍ਰਿਤ ਵਨ ਸਟਾਪ ਸਖੀ ਕੇਂਦਰ ਲਈ ਮੁਕੰਮਲ ਪ੍ਰਬੰਧ ਕਰਨ ਨੂੰ ਪ੍ਰਵਾਨਗੀ ਦਿੱਤੀ। ਉਨ੍ਹਾਂ ਸਿਵਲ ਸਰਜਨ ਨੂੰ ਨਿਰਦੇਸ਼ ਦਿੱਤੇ ਕਿ ਫ਼ਾਜ਼ਿਲਕਾ ਵਿਖੇ ਬਣ ਰਹੇ ਨਵੇਂ ਜ਼ਿਲ੍ਹਾ ਹਸਪਤਾਲ 'ਚ ਕਿਸੇ ਵੀ ਤਰ੍ਹਾਂ ਦੀ ਹਿੰਸਾ ਪੀੜਤ ਔਰਤਾਂ ਤੇ ਲੜਕੀਆਂ ਲਈ ਵਿਸ਼ੇਸ਼ੀਕ੍ਰਿਤ ਵਨ ਸਟਾਪ ਸਖੀ ਕੇਂਦਰ ਲਈ ਮੁਕੰਮਲ ਇਮਾਰਤ ਤਿਆਰ ਕੀਤੀ ਜਾਵੇ ਅਤੇ ਲੋੜੀਂਦੇ ਸਟਾਫ਼ ਦੀ ਤੈਨਾਤੀ ਯਕੀਨੀ ਬਣਾਈ ਜਾਵੇ।