ਸਤਨਾਮ ਸਿੰਘ/ਹੈਪੀ ਕਾਠਪਾਲ, ਜਲਾਲਾਬਾਦ : ਵਿਧਾਨ ਸਭਾ ਹਲਕਾ ਜਲਾਲਾਬਾਦ ਜ਼ਿਮਨੀ ਚੋਣਾਂ ਸ਼ਾਂਤੀ ਪੂਰਵਕ ਢੰਗ ਨਾਲ ਨੇਪਰੇ ਚੱੜ ਗਈਆਂ ਹਨ ਤੇ ਇਹ ਚੋਣ ਨਿਰਪੱਖ ਤੇ ਪਾਰਦਰਸ਼ੀ ਢੰਗ ਨਾਲ ਕਰਾਉਣ ਲਈ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ ਸਨ। ਪੋਲਿੰਗ ਸਵੇਰੇ 6 ਵਜੇ ਤੋਂ ਸ਼ਾਮ 7 ਵਜੇ ਤਕ ਚੱਲੀ ਅਤੇ ਈਵੀਐਮ ਮਸ਼ੀਨਾਂ 'ਚ ਉਮੀਦਵਾਰਾਂ ਦੀ ਕਿਸਮਤ ਬੰਦ ਹੋ ਗਈ। ਹਲਕੇ 'ਚ ਪੋਲਿੰਗ ਬੂਥ 239 ਬਣਾਏ ਗਏ। ਚੋਣਾਂ ਨੂੰ ਲੈ ਕੇ ਪੈਰਾ ਮਿਲਟਰੀ ਫੋਰਸ, ਬੀਐੱਸਐੱਫ ਦੇ ਜਵਾਨ ਤੇ ਪੰਜਾਬ ਪੁਲਿਸ ਦੇ ਜਵਾਨਾਂ ਨੇ ਸਾਰੇ ਬੂਥਾਂ 'ਤੇ ਡਿਊਟੀ ਨਿਭਾਈ। ਮੁੱਖ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਜ਼ਿਮਨੀ ਚੋਣਾਂ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜਨ ਲਈ ਸਮੂਹ 239 ਬੂਥਾਂ 'ਤੇ ਵੀਡਿਓ ਗ੍ਰਾਫੀ ਅਤੇ ਵੈਬ ਕਾਸਟਿੰਗ ਹੋਈ।

ਉਧਰ, ਵੋਟਾਂ ਪੈਣ 'ਤੇ ਸਵੇਰ ਤੋਂ ਲੋਕ ਪੋਲਿੰਗ ਬੂਥਾਂ 'ਤੇ ਪੂਰੇ ਉਤਸ਼ਾਹ ਨਾਲ ਪਹੁੰਚਣੇ ਸ਼ੁਰੂ ਹੋ ਗਏ ਅਤੇ ਲੰਮੀਆਂ ਲੰਮੀਆਂ ਲਾਈਨਾਂ ਲੱਗ ਗਈਆਂ। ਵੋਟਾਂ ਪਾਉਣ ਲਈ ਦਿਵਿਆਂਗ ਤੇ ਅਚਾਨਕ ਬੀਮਾਰ ਹੋਏ ਲੋਕਾਂ ਨੇ ਵੀ ਉਤਸ਼ਾਹ ਵਿਖਾਇਆ। ਖਾਸ ਕਰਕੇ ਨੌਜਵਾਨਾਂ ਨੇ ਵੋਟਾਂ ਪਾ ਕੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਸਾਡੇ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਅਸੀਂ ਵਿਧਾਨ ਸਭਾ ਚੋਣਾਂ ਲਈ ਢਾਈ ਸਾਲ ਬਾਅਦ ਦੂਜੀ ਵਾਰ ਵੋਟ ਪਾਉਣ ਦਾ ਮੌਕਾ ਮਿਲਿਆ ਹੈ। ਜਲਾਲਾਬਾਦ ਜ਼ਿਮਨੀ ਚੋਣ ਲਈ ਕੁਲ 7 ਉਮੀਦਵਾਰ ਚੋਣ ਮੈਦਾਨ ਵਿਚ ਉਤਰੇ ਹੋਏ ਹਨ। ਜਿਸ ਵਿਚ ਕਾਂਗਰਸ ਪਾਰਟੀ ਦੇ ਉਮੀਂਦਵਾਰ ਰਮਿੰਦਰ ਸਿੰਘ ਆਵਲਾ, ਸ਼ੋ੍ਮਣੀ ਅਕਾਲੀ ਦਲ ਦੇ ਡਾ.ਰਾਜ ਸਿੰਘ ਡਿੱਬੀਪੁਰਾ, ਆਮ ਆਦਮੀ ਪਾਰਟੀ ਦੇ ਮਹਿੰਦਰ ਸਿੰਘ ਕਚੂਰਾ, ਅਜਾਦ ਉਮੀਂਦਵਾਰ ਜਗਦੀਪ ਕੰਬੋਜ ਗੋਲਡੀ, ਜੋਗਿੰਦਰ ਸਿੰਘ ਪੁਤਰ ਜਬਰ ਸਿੰਘ, ਜੋਗਿੰਦਰ ਸਿੰਘ ਪੁੱਤਰ ਮਹਿੰਦਰ ਸਿੰਘ ਅਤੇ ਰਾਜ ਸਿੰਘ ਸ਼ਾਮਲ ਹਨ। ਇਨ੍ਹਾਂ ਸੱਤਾਂ ਉਮੀਦਵਾਰਾਂ ਦੀ ਕਿਸਮਤ ਈਵੀਐੱਮ 'ਚ ਬੰਦ ਹੋ ਗਈ ਹੈ ਅਤੇ ਇਨ੍ਹਾਂ ਵੋਟਾਂ ਦੀ ਗਿਣਤੀ 24 ਅਕਤੂਬਰ ਨੂੰ ਹੋਵੇਗੀ।