ਰਾਜੇਸ਼ ਢੰਡ, ਤੀਰਥ ਸਨ੍ਹੇਰ, ਜ਼ੀਰਾ, (ਫਿਰੋਜ਼ਪੁਰ): ਬੀਤੀ ਰਾਤ ਜ਼ੀਰਾ ਵਿਖੇ ਕੁਝ ਅਣਪਛਾਤੇ ਲੁਟੇਰਿਆਂ ਨੇ ਇਕ ਘਰ 'ਚ ਦਾਖ਼ਲ ਹੋ ਕੇ ਮਕਾਨ ਮਾਲਕ ਦਾ ਕਤਲ ਕਰ ਦਿੱਤਾ। ਪੁਲਿਸ ਨੇ ਮੌਕੇ 'ਤੇ ਪੁੱਜ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਭਾਈ ਸੁਰਜੀਤ ਸਿੰਘ (52) ਪੁੱਤਰ ਉਜਾਗਰ ਸਿੰਘ ਜੋ ਕਿ ਧਾਰਮਿਕ ਸਮਾਗਮਾਂ 'ਚ ਇਕ ਗ੍ੰਥੀ ਸਿੰਘ ਵਜੋਂ ਸੇਵਾਵਾਂ ਨਿਭਾਉਂਦਾ ਸੀ। ਬੀਤੀ ਰਾਤ ਆਪਣੇ ਘਰ 'ਚ ਸੁੱਤਾ ਪਿਆ ਸੀ ਕਿ ਉਸ ਦੇ ਘਰ 'ਚ ਲੁੱਟ ਦੀ ਨੀਅਤ ਨਾਲ ਕੁਝ ਅਣਪਛਾਤੇ ਚੋਰ-ਲੁਟੇਰੇ ਦਾਖਲ ਹੋਏ, ਜਿਨ੍ਹਾਂ ਨੇ ਸੁਰਜੀਤ ਸਿੰਘ 'ਤੇ ਕਿਸੇ ਹਥਿਆਰ ਨਾਲ ਹਮਲਾ ਕਰ ਕੇ ਉਸ ਨੂੰ ਮਾਰ ਦਿੱਤਾ ਤੇ ਘਰ 'ਚੋਂ ਲੁੱਟ ਦੀ ਨੀਅਤ ਨਾਲ ਸਾਰਾ ਸਮਾਨ ਖਿਲਾਰ ਕੇ ਚਲੇ ਗਏ। ਇਸ ਤੋਂ ਇਲਾਵਾ ਲੁਟੇਰੇ ਸੀਸੀਟੀਵੀ ਕੈਮਰੇ ਦਾ ਡੀਵੀਆਰ ਵੀ ਨਾਲ ਲੈ ਗਏ। ਘਟਨਾ ਦਾ ਪਤਾ ਲੱਗਣ 'ਤੇ ਰਾਜਵਿੰਦਰ ਸਿੰਘ ਰੰਧਾਵਾ ਡੀਐੱਸਪੀ ਜ਼ੀਰਾ ਤੇ ਮੋਹਿਤ ਧਵਨ ਐੱਸਐੱਚਓ ਥਾਣਾ ਸਿਟੀ ਜ਼ੀਰਾ ਮੌਕੇ 'ਤੇ ਪਹੁੰਚੇ ਤੇ ਘਟਨਾ ਸਥਾਨ ਦਾ ਜਾਇਜ਼ਾ ਲੈਣ ਉਪਰੰਤ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।