ਪਰਮਿੰਦਰ ਸਿੰਘ ਥਿੰਦ, ਫਿਰੋਜ਼ਪੁਰ: ਜ਼ਿਲ੍ਹੇ ਦੇ ਪਿੰਡ ਵਾੜਾ ਭਾਈਕਾ ਦੇ ਰਹਿਣ ਵਾਲੇ ਇਕ ਘੋੜਾ ਟਰਾਲਾ ਡਰਾਈਵਰ ਦੇ ਰਾਜਸਥਾਨ ਫੀਡਰ ਨਹਿਰ ਵਿਚ ਡੁੱਬ ਜਾਣ ਕਾਰਨ ਮੌਤ ਹੋ ਗਈ। ਮਿ੍ਰਤਕ ਦੇ ਪਰਿਵਾਰਕ ਮੈਂਬਰਾਂ ਨੇ ਟਰਾਲੇ ਦੇ ਸਹਾਇਕ ਡਰਾਈਵਰ 'ਤੇ ਕਤਲ ਦੇ ਦੋਸ਼ ਲਾਉਂਦਿਆਂ ਦੱਸਿਆ ਕਿ ਉਕਤ ਕਲੀਨਰ ਨੇ ਪਹਿਲੋਂ ਉਸ ਦੇ ਸਿਰ ਵਿਚ ਇੱਟਾਂ ਮਾਰੀਆਂ, ਫਿਰ ਨਹਿਰ ਵਿਚ ਧੱਕਾ ਦੇ ਦਿੱਤਾ। ਮ੍ਰਿਤਕ ਦੀ ਪਛਾਣ 50 ਸਾਲਾ ਲਖਵੀਰ ਸਿੰਘ ਵਾਸੀ ਵਾੜਾ ਭਾਈਕਾ ਵਜੋਂ ਹੋਈ ਹੈ ।

ਇਸ ਮਾਮਲੇ ਵਿਚ ਥਾਣਾ ਘੱਲਖੁਰਦ ਪੁਲਿਸ ਨੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕਰਕੇ ਉਸ ਖਿਲਾਫ਼ 302 ਆਈਪੀਸੀ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਸੰਦੀਪ ਸਿੰਘ ਪੁੱਤਰ ਲਖਵੀਰ ਸਿੰਘ ਵਾਸੀ ਵਾੜਾ ਭਾਈਕਾ ਨੇ ਦੱਸਿਆ ਕਿ ਬੀਤੀ 22 ਫਰਵਰੀ 2021 ਨੂੰ ਉਸ ਦਾ ਪਿਤਾ ਲਖਵੀਰ ਸਿੰਘ (50) ਪੁੱਤਰ ਨਿਰੰਜਨ ਸਿੰਘ ਵਾਸੀ ਵਾੜਾ ਭਾਈਕਾ ਪਿੰਡ ਡੋਡ ਜ਼ਿਲ੍ਹਾ ਫਰੀਦਕੋਟ ਵਿਖੇ ਘੋੜਾ ਟਰਾਲਾ 'ਤੇ ਡਰਾਈਵਰ ਲੱਗਾ ਹੋਇਆ ਸੀ ।ਉਨ੍ਹਾਂ ਦੇ ਹੀ ਪਿੰਡ ਦਾ ਸੁਖਦੀਪ ਸਿੰਘ ਉਰਫ ਕਾਲੂ ਵੀ ਸਹਾਇਕ ਡਰਾਈਵਰ ਲੱਗਾ ਹੋਇਆ ਸੀ। ਸੰਦੀਪ ਸਿੰਘ ਨੇ ਦੱਸਿਆ ਕਿ 22 ਫਰਵਰੀ 2021 ਨੂੰ ਦੋਸ਼ੀ ਸੁਖਦੀਪ ਸਿੰਘ ਉਨ੍ਹਾਂ ਦੇ ਘਰ ਮੋਟਰਸਾਈਕਲ 'ਤੇ ਆਇਆ ਤੇ ਉਸ ਦੇ ਪਿਤਾ ਨੂੰ ਕਹਿਣ ਲੱਗਾ ਕਿ ਘੋੜੇ ਟਰਾਲੇ ਦੇ ਮਾਲਕ ਨਾਲ ਹਿਸਾਬ ਕਰਕੇ ਪੈਸੇ ਲੈਣ ਜਾਣਾ ਹੈ ਤਾਂ ਉਸ ਦੇ ਪਿਤਾ ਨੂੰ ਨਾਲ ਲੈ ਕੇ ਚਲਾ ਗਿਆ। ਸੰਦੀਪ ਸਿੰਘ ਨੇ ਦੱਸਿਆ ਕਿ ਦੁਪਹਿਰ 2 ਵਜੇ ਜੋੜੀਆਂ ਨਹਿਰਾਂ ਦੀ ਵਿਚਕਾਰਲੀ ਪੱਟੜੀ 'ਤੇ ਉਸ ਦੇ ਪਿਤਾ ਲਖਵੀਰ ਸਿੰਘ ਰੌਲਾ ਪਾ ਰਿਹਾ ਸੀ ਤੇ ਦੋਸ਼ੀ ਸੁਖਦੀਪ ਸਿੰਘ ਨੇ ਲਖਵੀਰ ਸਿੰਘ ਦੇ ਸਿਰ ਵਿੱਚ ਇੱਟ ਮਾਰ ਕੇ ਉਸ ਨੂੰ ਨਹਿਰ ਵਿਚ ਧੱਕਾ ਦੇ ਦਿੱਤਾ, ਜਿਸ ਨਾਲ ਉਸ ਦਾ ਪਿਤਾ ਲਖਵੀਰ ਸਿੰਘ ਨਹਿਰ ਵਿਚ ਡੁੱਬ ਗਿਆ । ਦੋਸ਼ੀ ਮੋਟਰਸਾਈਕਲ 'ਤੇ ਫਰਾਰ ਹੋ ਗਿਆ। ਇਸ ਮਾਮਲੇ ਦੀ ਜਾਂਚ ਕਰ ਰਹੇ ਸਬ ਇੰਸਪੈਕਟਰ ਜੱਜਪਾਲ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ 'ਤੇ ਉਕਤ ਦੋਸ਼ੀ ਸੁਖਦੀਪ ਸਿੰਘ ਨੂੰ ਗ੍ਰਿਫਤਾਰ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Posted By: Tejinder Thind