ਪਰਮਿੰਦਰ ਸਿੰਘ ਥਿੰਦ, ਫਿਰੋਜ਼ਪੁਰ: ਕਿਸਾਨੀ ਨਾਲ ਸਬੰਧਤ ਤਿੰਨ ਬਿੱ ਲ ਪਾਸ ਕਰਵਾਉਣ ਲਈ ਬਜਿੱਦ ਭਾਰਤੀ ਜਨਤਾ ਪਾਰਟੀ ਵੱਲੋਂ ਹੁਣ ਲੋਕਾਂ ਵਿਚ ਜਾ ਕੇ ਇਸ ਬਿਲ ਨੂੰ ਸਹੀ ਠਹਿਰਾਉਣ ਲਈ ਹਰ ਯਤਨ ਕੀਤੇ ਜਾ ਰਹੇ ਹਨ । ਇਸ ਸਬੰਧੀ ਭਾਰਤੀ ਜਨਤਾ ਪਾਰਟੀ ਦੇ ਕਿਸਾਨ ਮੋਰਚਾ ਆਗੂ ਮੰਗਲਵਾਰ ਨੂੰ ਪ੍ਰੈਸ ਕਲੱਬ ਫਿਰੋਜ਼ਪੁਰ ਵਿਖੇ ਆਏ ਤਾਂ ਸੀ ਪੱਤਰਕਾਰਾਂ ਨਾਲ ਗੱਲਬਾਤ ਕਰਕੇ ਕਿਸਾਨੀ ਸਬੰਧਤ ਪਾਸ ਕੀਤੇ ਤਿੰਨ ਬਿੱਲਾਂ ਨੂੰ ਸਹੀ ਠਹਿਰਾਉਣ ਲਈ ,ਪਰ ਪੱਤਰਕਾਰਾਂ ਦੇ ਸਵਾਲਾਂ ਦੇ ਜਾਲ ਵਿਚ ਅਜਿਹਾ ਫਸੇ ਕਿ ਕਈ ਸੱਚ ਆਪਣੇ ਮੂੰਹੋਂ ਕੱਢ੍ਹ ਹੀ ਗਏ।

ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਭਾਜਪਾ ਕਿਸਾਨ ਮੋਰਚਾ ਦੇ ਸੂਬਾ ਪ੍ਰਧਾਨ ਵਿਕਰਮਜੀਤ ਸਿੰਘ ਚੀਮਾ ਦੇ ਮੁੰਹੋਂ ਸੱਭ ਤੋਂ ਵੱਡੀ ਗੱਲ ਇਹ ਨਿਕਲੀ ਕਿ ਕਾਰਪੋਰੇਟ ਸੈਕਟਰ ਵੱਲੋਂ ਕਿਸਾਨਾਂ ਦਾ ਸਿਰਫ ਝੌਨਾ ਹੀ ਖਰੀਦਿਆ ਜਾਵੇਗਾ ਜਦਕਿ ਕਣਕ ਤਾਂ ਸਰਕਾਰ ਹੀ ਖਰੀਦੇਗੀ। ਵਿਕਰਮਜੀਤ ਚੀਮਾ ਨੇ ਆਖਿਆ ਕਿ ਕਾਰਪੋਰੇਟ ਜਗਤ ਨੂੰ ਜਦੋਂ ਬਾਹਰਲੇ ਦੇਸ਼ਾਂ ਤੋਂ ਹੀ ਕਣਕ 1400 ਰੁਪਏ ਪ੍ਰਤੀ ਕੁਇੰਟਲ ਮਿਲ ਰਹੀ ਹੈ ਤਾਂ ਉਹ ਦੇਸ਼ ਦੇ ਕਿਸਾਨਾਂ ਤੋਂ ਮਹਿੰਗੇ ਭਾਅ ਕਿਉਂ ਖਰੀਦਣਗੇ। ਭਾਜਪਾ ਆਗੂ ਦੇ ਇਸ ਬਿਆਨ ਨੇ ਕਿਸਾਨਾਂ ਦੇ ਉਸ ਖਦਸ਼ੇ ਨੂੰ ਸਹੀ ਸਾਬਤ ਕਰ ਦਿੱਤਾ ਜਿਸ ਦੇ ਤਹਿਤ ਕਿਸਾਨਾਂ ਵਿਚ ਇਹ ਚਰਚਾ ਹੈ ਕਿ ਕਾਰਪੋਰੇਟ ਜਗਤ ਤੈਅ ਸ਼ੁਦਾ ਰੇਟਾਂ ਤੋਂ ਕਿਤੇ ਘੱਟ 'ਤੇ ਕਿਸਾਨਾਂ ਦੀ ਫਸਲ ਖਰੀਦੇਗਾ।

ਪ੍ਰਾਈਵੇਟ ਸੈਕਟਰ ਵਿਚ ਕਿਸਾਨ ਅਤੇ ਖਰੀਦਦਾਰ ਨਾਲ ਹੋਏ ਤਕਰਾਰ ਸਬੰਧੀ ਮਾਮਲੇ ਦਾ ਝਗੜਾ ਸਿਰਫ ਐਸਡੀਐਮ ਜਾਂ ਡੀਸੀ ਪੱਧਰ ਤੱਕ ਹੀ ਸੁਲਝਾਉਣ ਅਤੇ ਅਦਾਲਤਾਂ ਨੂੰ ਵਿਚ ਸ਼ਾਮਲ ਨਾ ਕੀਤੇ ਜਾਣ ਪਿੱਛੇ ਸਰਕਾਰ ਦੀ ਮੰਸ਼ਾ ਕਾਰਪੋਰੇਟ ਨੂੰ ਮਦਦ ਕਰਨ ਦੀ ਤਾਂ ਨਹੀਂ ਸਬੰਧੀ ਪੁੱਛੇ ਜਾਣ 'ਤੇ ਭਾਜਪਾ ਆਗੂ ਨੇ ਆਖਿਆ ਕਿ ਅਜੇ ਬਿਲਾਂ ਵਿਚ ਕਈ ਤਬਦੀਲੀਆਂ ਕੀਤੀਆਂ ਜਾ ਸੱਕਦੀਆਂ ਹਨ ਅਤੇ ਉਹ ਆਪਣੀ ਪਾਰਟੀ ਨੂੰ ਸੂਝਾਅ ਦੇਣਗੇ ਕਿ ਐਮਐਸਪੀ ਨੂੰ ਲਿੱਖਤੀ ਵਿਚ ਬਿਲ ਵਿਚ ਐਡ ਕੀਤਾ ਜਾਵੇ ਅਤੇ ਮਾਮਲੇ ਦੀ ਸੁਣਵਾਈ ਵਿਚ ਅਦਾਲਤਾਂ ਵਿਚ ਵੀ ਹੌਣੀ ਤੈਅ ਕੀਤੀ ਜਾਵੇ।

ਭਾਜਪਾ ਕਿਸਾਨ ਮੋਰਚਾ ਪ੍ਰਧਾਨ ਚੀਮਾ ਨੇ ਆਖਿਆ ਕਿ ਕਾਂਗਰਸ ,ਆਪ ਅਤੇ ਹੋਰ ਵਿਰੋਧੀ ਪਾਰਟੀਆਂ ਕਿਸਾਨਾਂ ਨੂੰ ਗੁੰਮਰਾਹ ਕਰ ਰਹੀਆਂ ਹਨ ਤਾਂ ਪੱਤਰਕਾਰਾਂ ਵੱਲੋਂ ਭਾਜਪਾਈਆਂ ਨੂੰ ਉਨ੍ਹਾਂ ਵੱਲੋਂ ਜਾਰੀ ਪ੍ਰੈਸ ਨੋਟ ਦੀ ਹੈਡਲਾਈਨ ਵਿਖਾਉਂਦਿਆਂ ਹੀ ਇਹ ਪੁੱਛਿਆ ਗਿਆ ਕਿ ਤੁਸੀ ਲਿਖ ਰਹੇ ਹੋ ਕਿ ਹਾੜੀ ਦੀਆਂ ਫਸਲਾਂ ਵਿਚ 50 ਤੋਂ 300 ਰੁਪਏ ਤੱਕ ਵਾਧਾ ,ਜਦਕਿ ਕੇਸਰ , ਛੋਲੇ ਅਤੇ ਹੋਰ ਕਈ ਫਸਲਾਂ ਪੰਜਾਬ ਵਿਚ ਹੁੰਦੀਆਂ ਹੀ ਨਹੀਂ ਅਤੇ ਕਣਕ 'ਤੇ ਤੁਸੀ ਸਿਰਫ 50 ਰੁਪਏ ਹੀ ਦੇ ਰਹੇ ਹੋ ਤਾਂ ਕੀ ਇਹ ਤੁਸੀ ਲੋਕਾਂ ਨੂੰ ਗੁੰਮਰਾਹ ਨਹੀਂ ਕਰ ਰਹੇ । ਇਸ 'ਤੇ ਭਾਜਪਾਈ ਆਗੂਆਂ ਨੂੰ ਚੁੱਪ ਵੱਟਣੀਂ ਪਈ। 2014 ਦੀਆਂ ਚੋਣਾਂ ਤੋਂ ਪਹਿਲੋਂ ਭਾਜਪਾ ਵੱਲੋਂ ਸਵਾਮੀਨਾਥਨ ਕਮੇਟੀ ਦੀਆਂ ਸਿਫਾਰਸ਼ਾਂ ਲਾਗੂ ਕਰਨ ਦਾ ਵਾਅਦਾ 6 ਸਾਲ ਬਾਅਦ ਵੀ ਪੂਰਾ ਨਾ ਕਰਨ, ਪੰਜਾਬ ਵਿਚ ਜ਼ਮੀਨਾਂ ਦੇ ਰੇਟ ਅੱਧੇ ਤੋਂ ਹੇਠਾਂ ਡਿੱਗ ਜਾਣ ਸਬੰਧੀ ਭਾਜਪਾ ਆਗੂਆਂ ਵੱਲੋਂ ਕੋਈ ਜਵਾਬ ਨਹੀਂ ਦਿੱਤਾ ਗਿਆ।

ਪ੍ਰੈਸ ਨੋਟ 'ਚ ਕੀਤਾ ਗੁੰਮਰਾਹ, ਅਖੇ ; ਕੇਸਰ ,ਕੁਸਮ, ਚਨੇ ਅਤੇ ਦਾਲ ਦੀ ਐਮਐਸਪੀ 'ਚ ਵਾਧਾ ਇਕ ਤੋਹਫਾ!

ਭਾਜਪਾ ਕਿਸਾਨ ਮੋਰਚਾ ਪ੍ਰਧਾਨ ਵਿਕਰਮਜੀਤ ਚੀਮਾ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਆਖਿਆ ਕਿ ਮੋਦੀ ਸਰਕਾਰ ਅਤੇ ਖੇਤੀਬਾੜੀ ਮੰਤਰਾਲੇ ਵੱਲੋਂ ਕਿਸਾਨਾਂ ਦੇ ਹਿੱਤ ਵਿਚ ਪਾਸ ਕੀਤੇ ਗਏ ਕਾਨੂੰਨ ਕਿਸਾਨਾਂ ਦੇ ਸ਼ਕਤੀਕਰਨ ਅਤੇ ਉਨ੍ਹਾਂ ਦੀ ਹਾੜੀ ਦੀਆਂ ਫਸਲਾਂ ਕੇਸਰ , ਜੌਂ , ਸਰੋਂ, ਚਨੇ, ਕੁਸਮ, ਅਤੇ ਦਾਲ ਆਦਿ ਦੀਆਂ ਫਸਲਾਂ ਦਾ ਘੱਟੋ ਘੱਟ ਸਮਰਥਨ ਮੁੱਲ ਵਧਾ ਕੇ ਕਿਸਾਨਾਂ ਨੂੰ ਤੋਹਫਾ ਦਿੱਤਾ ਗਿਆ ਹੈ। ਜਦਕਿ ਇੰਨ੍ਹਾਂ ਵਿਚੋਂ ਜ਼ਿਆਦਾਤਰ ਫਸਲਾਂ ਪੰਜਾਬ ਦੀਆਂ ਫਸਲਾਂ ਹੀ ਨਹੀਂ ਹਨ । ਭਾਜਪਾ ਕਿਸਾਨ ਮੋਰਚਾ ਦੇ ਪ੍ਰਦੇਸ਼ ਪ੍ਰਧਾਨ ਬਿਕਰਮਜੀਤ ਸਿੰਘ ਚੀਮਾ ਨੇ ਕਿਹਾ ਕਿ ਸਰਕਾਰ ਸੀਏਸੀਪੀ ਅਰਥਾਤ ਖੇਤੀਬਾੜੀ ਲਾਗਤ ਨਾਲ ਕੀਮਤਾਂ ਲਈ ਕਮਿਸ਼ਨ ਦੀ ਸਿਫਾਰਸ਼ 'ਤੇ ਹਰੇਕ ਫਸਲੀ ਸੀਜ਼ਨ ਤੋਂ ਪਹਿਲਾਂ ਘੱਟੋ ਘੱਟ ਸਮਰਥਨ ਮੁੱਲ (ਐੱਮਐੱਸਪੀ) ਤੈਅ ਕਰਦੀ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਖੇਤੀਬਾੜੀ ਮੰਤਰੀ ਨਰਿੰਦਰ ਮੋਦੀ ਤੋਮਰ ਨੇ ਕਈ ਵਾਰ ਸਪਸ਼ਟ ਕਰ ਦਿੱਤਾ ਹੈ ਕਿ ਘੱਟੋ ਘੱਟ ਸਮਰਥਨ ਮੁੱਲ (ਐੱਮਐੱਸਪੀ) ਖਤਮ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਜੋ ਲੋਕ ਆਪਣੇ ਹੱਥੋਂ ਨਿਯੰਤਰਣ ਜਾਂਦਾ ਵੇਖ ਰਹੇ ਹਨ, ਉਹ ਕਿਸਾਨਾਂ ਨੂੰ ਗੁੰਮਰਾਹ ਕਰ ਰਹੇ ਹਨ। ਬਿਕਰਮਜੀਤ ਸਿੰਘ ਚੀਮਾ ਨੇ ਕਿਹਾ ਕਿ ਮੋਦੀ ਸਰਕਾਰ ਕਿਸਾਨਾਂ ਨੂੰ ਉਨ੍ਹਾਂ ਦੀ ਉਪਜ ਲਈ ਉਚਿੱਤ ਮੁੱਲ ਪ੍ਰਦਾਨ ਕਰਨ, ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਅਤੇ ਉਨ੍ਹਾਂ ਦੇ ਜਿਉਣ ਦੇ ਢੰਗ ਨੂੰ ਬਦਲਣ ਦੇ ਮਸਕਦ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਵੱਲੋਂ ਖੇਤੀਬਾੜੀ ਮੰਤਰਾਲੇ ਵੱਲੋਂ ਨਿਰਧਾਰਿਤ ਹਾੜ੍ਹੀ ਦੇ ਮੌਸਮ ਦੀਆਂ ਫਸਲਾਂ ਵਿਚ ਕਣਕ ਦੇ ਸਮਰਥਨ ਮੁੱਲ ਵਿਚ 50 ਰੁਪÂ ਪ੍ਰਤੀ ਕੁਇੰਟਲ (1925 ਤੋਂ 1975 ਤੱਕ ਵਧਿਆ), ਜੋ 75 ਰੁਪਏ ਪ੍ਰਤੀ ਕੁਇੰਟਲ (1525 ਤੋਂ 1600), ਸਰੋਂ 225 ਰੁਪਏ ਪ੍ਰਤੀ ਕੁਇੰਟਲ (4425 ਤੋਂ 6450), ਗ੍ਰਾਮ 225 ਰੁਪਏ ਪ੍ਰਤੀ ਕੁਇੰਟਲ (4875 ਤੋਂ 5100), ਕੇਸਰ ਨੂੰ 112 ਰੁਪਏ ਪ੍ਰਤੀ ਕੁਇੰਟਲ (5215 ਤੋਂ 5327) ਅਤੇ ਦਾਲ ਵਿਚ 300 ਰੁਪਏ ਪ੍ਰਤੀ ਕੁਇੰਟਲ (4800 ਤੋਂ 5100) ਦਾ ਵਾਧਾ ਕੀਤਾਹੈ। ਇਸ ਮੌਕੇ ਭਾਜਪਾ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਸਿੰਘ ਬੱਗੇ ਕੇ ਪਿੱਪਲ, ਡੀਪੀ ਚੰਦਨ, ਕਿਸਾਨ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਕਿੱਕਰ ਸਿੰਘ ਕੁਤਬੇਵਾਲਾ, ਬਲਵਿੰਦਰ ਸਿੰਘ ਕੋਤਵਾਲ, ਰਜਿੰਦਰ ਸਿੰਘ ਹਬੀਬ ਕੇ, ਜੁਗਰਾਜ ਸਿੰਘ ਕਟੋਰਾ, ਸੁਰਜੀਤ ਸਿੰਘ ਸਦਰਦੀਨ,ਗੁਰਜੀਤ ਸਿੰਘ, ਡਾ. ਕੁਲਭੂਸ਼ਨ ਸ਼ਰਮਾ ਆਦਿ ਹਾਜ਼ਰ ਸਨ।

Posted By: Jagjit Singh