ਪਰਮਿੰਦਰ ਸਿੰਘ ਥਿੰਦ, ਫਿਰੋਜ਼ਪੁਰ : ਪਲੀਤ ਹੁੰਦੇ ਜਾ ਰਹੇ ਵਾਤਾਵਰਨ ਨੂੰ ਬਚਾਉਣ ਲਈ ਹੁਣ ਆਮ ਲੋਕ ਵੀ ਅੱਗੇ ਆਉਣ ਲੱਗ ਪਏ ਹਨ। ਅਜਿਹੀ ਹੀ ਇਕ ਮਿਸਾਲ ਪਿੰਡ ਭਾਂਗਰ ਦੇ ਇਕ ਦੁਕਾਨਦਾਰ ਸ਼ਸ਼ੀ ਕੁਮਾਰ ਉਰਫ ਬਬਲੀ ਸੇਠ ਨੇ ਉਸ ਵੇਲੇ ਪੇਸ਼ ਕੀਤੀ। ਸ਼ਸ਼ੀ ਕੁਮਾਰ ਨੇ ਆਪਣੇ ਧੀ ਦੇ ਜਨਮ ਦਿਨ ਨੂੰ ਬਹੁਤ ਹੀ ਸਾਦਗੀ ਨਾਲ ਪਿੰਡ ਭਾਂਗਰ ਦੇ ਸਰਕਾਰੀ ਸਕੂਲ ਦੇ ਸਟਾਫ ਅਤੇ ਵਿਦਿਆਰਥੀਆਂ ਨਾਲ ਮਨਾਇਆ। ਇਸ ਮੌਕੇ ਬਬਲੀ ਸੇਠ ਨੇ ਸਕੂਲ ਨੂੰ 5100 ਰੁਪਏ ਦੇ ਫੁੱਲਦਾਰ ਅਤੇ ਫੱਲਦਾਰ ਬੂਟੇ ਦਿੱਤੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਦੇ ਮੁੱਖ ਅਧਿਆਪਕ ਮਹਿਲ ਸਿੰਘ ਨੇ ਦੱਸਿਆ ਕਿ ਪਿੰਡ ਦੇ ਹੀ ਵਸਨੀਕ ਸ਼ਸ਼ੀ ਕੁਮਾਰ ਉਰਫ 'ਬਬਲੀ ਸੇਠ' ਦੀ ਬੇਟੀ ਮਮਤਾ ਰਾਣੀ ਉਨ੍ਹਾਂ ਦੇ ਸਕੂਲ 'ਚ ਹੀ ਪੰਜਵੀਂ ਜਮਾਤ ਦੀ ਵਿਦਿਆਰਥਣ ਹੈੈ। ਬੀਤੇ ਦਿਨ ਮਮਤਾ ਰਾਣੀ ਦਾ ਜਨਮ ਦਿਨ ਸੀ । ਬਬਲੀ ਸੇਠ ਦੇ ਪਰਿਵਾਰ ਵੱਲੋਂ ਆਪਣੀ ਬੇਟੀ ਦਾ ਜਨਮ ਦਿਨ ਸਰਕਾਰੀ ਪ੍ਰਰਾਇਮਰੀ ਸਕੂਲ ਭਾਂਗਰ ਵਿਚ ਮਨਾਇਆ ਗਿਆ। ਇਸ ਜਨਮ ਦਿਨ ਦੀ ਖੁਸ਼ੀ ਨੂੰ ਮੁਖ ਰੱਖਦਿਆਂ ਹੋਇਆਂ ਉਨ੍ਹਾਂ ਦੇ ਪਰਿਵਾਰ ਵੱਲੋਂ ਸਕੂਲ ਦੇ ਪਾਰਕਾਂ ਲਈ 5100 ਰੁਪਏ ਦੇ ਬੂਟੇ ਦਿੱਤੇ ਗਏ। ਮਹਿਲ ਸਿੰਘ ਨੇ ਦੱਸਿਆ ਕਿ ਬਬਲੀ ਸੇਠ ਵੱਲੋਂ ਕੀਤੇ ਗਏ ਉਪਰਾਲੇ ਦੀ ਚੁਫੇਰੇ ਸ਼ਲਾਘਾ ਹੋ ਰਹੀ ਹੈ। ਉਨ੍ਹਾਂ ਦੱਸਿਆ ਕਿ ਸਹੀ ਮਾਇਨੇ ਵਿਚ ਬਬਲੀ ਸੇਠ ਵਰਗੇ ਮਾਪੇ ਆਪਣੇ ਬੱਚਿਆਂ ਨੂੰ ਚੰਗੇ ਭਵਿੱਖ ਅਤੇ ਸ਼ੁੱਧ ਵਾਤਾਵਰਨ ਦਾ ਤੋਹਫਾ ਦੇ ਰਹੇ ਹਨ, ਜੋ ਕਿ ਸਮਾਜ ਲਈ ਬਹੁਤ ਹੀ ਚੰਗੀ ਅਤੇ ਲਾਹੇਵੰਦ ਗੱਲ ਹੈ। ਇਸ ਮੋਕੇ ਸਕੂਲ ਦੇ ਸਮੂਹ ਸਟਾਫ ਵੱਲੋਂ ਮਮਤਾ ਰਾਣੀ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ ਗਈਆਂ। ਇਸ ਮੌਕੇ ਮੁੱਖ ਅਧਿਆਪਕ ਮਹਿਲ ਸਿੰਘ, ਅਧਿਆਪਕ ਹਰਮਨਪ੍ਰਰੀਤ ਸਿੰਘ, ਕੁਲਵਿੰਦਰ ਸਿੰਘ, ਕਰਮਜੀਤ ਕੌਰ ਨਵਦੀਪ ਕੌਰ ਆਦਿ ਹਾਜ਼ਰ ਸਨ।