ਜਗਵੰਤ ਸਿੰਘ ਮੱਲ੍ਹੀ, ਮਖੂ : ਬੀਤੇ ਦਿਨੀਂ ਬੱਕਰੀ ਚੋਰੀ ਕਰਕੇ ਲੈ ਜਾਣ ਵਾਲੇ ਚੋਰਾਂ ਨੇ ਘਰ ਰੋਟੀ ਖਾਣ ਆਏ ਆੜ੍ਹਤੀ ਦੇ ਮੁਨੀਮ ਦਾ ਮੋਟਰਸਾਈਕਲ ਚੋਰੀ ਕਰਕੇ ਫਰਾਰ ਹੋ ਗਏ। ਦਿਨ ਦਿਹਾੜੇ ਹੋਈ ਵਾਰਦਾਤ ਤਿੰਨ ਸੀਸੀਟੀਵੀ ਕੈਮਰਿਆਂ 'ਚ ਕੈਦ ਤਾਂ ਬੇਸ਼ੱਕ ਹੋ ਗਈ ਪਰ ਲਿਖਤੀ ਜਾਣਕਾਰੀ ਦੇਣ ਦੇ ਬਾਵਜੂਦ ਪੁਲਿਸ ਨੇ ਅਜੇ ਕੋਈ ਹਿਲਜੁੱਲ ਨਹੀਂ ਸੀ ਕੀਤੀ। ਜਾਣਕਾਰੀ ਦਿੰਦੇ ਹੋਏ ਪੀੜਤ ਮੁਨੀਮ ਵਿਪਨ ਕੁਮਾਰ ਵਾਸੀ ਮਖੂ ਨੇ ਦੱਸਿਆ ਕਿ ਆਪਣਾ ਸਪਲੈਂਡਰ ਮੋਟਰਸਾਈਕਲ ਨੰਬਰ ਪੀਬੀ 47 ਸੀ 2678 ਗਲੀ 'ਚ ਖੜ੍ਹਾ ਕਰਕੇ ਘਰ ਰੋਟੀ ਖਾ ਰਿਹਾ ਸੀ। ਅਚਾਨਕ ਗਲੀ 'ਚ ਮੋਟਰਸਾਈਕਲ ਸਟਾਰਟ ਹੋਣ ਦੀ ਆਵਾਜ਼ ਸੁਣ ਕੇ ਦੇਖਿਆ ਤਾਂ ਚੋਰ ਮੋਟਰਸਾਈਕਲ ਚੋਰੀ ਕਰਕੇ ਕੁਤਬਪੁਰ ਵਾਲੇ ਪਾਸੇ ਨੂੰ ਫਰਾਰ ਹੋ ਰਹੇ ਸਨ। ਪੁਲਿਸ ਨੂੰ ਲਿਖਤੀ ਸ਼ਿਕਾਇਤ ਦੇ ਦਿੱਤੀ ਗਈ ਸੀ। ਇਥੇ ਦੱਸਣਯੋਗ ਹੈ ਕਿ ਬੀਤੇ 'ਚ ਕਿਸੇ ਉਚ ਪੁਲਿਸ ਅਧਿਕਾਰੀ ਨੇ ਦੱਸਿਆ ਸੀ ਕਿ ਮਖੂ ਦੇ ਆਲੇ ਦੁਆਲੇ ਵੀਹ ਦੇ ਕਰੀਬ ਚੋਰ ਵਾਰਦਾਤਾਂ ਨੂੰ ਅੰਜ਼ਾਮ ਦਿੰਦੇ ਹਨ। ਲੋਕਾਂ ਨੇ ਦੋ ਤਿੰਨ ਚੋਰ ਫੜ੍ਹ ਕੇ ਪੁਲਿਸ ਹਵਾਲੇ ਕੀਤੇ ਸਨ ਜਿੰਨਾਂ ਬਾਬਤ ਪੁਲਿਸ ਦਾ ਕਹਿਣਾ ਸੀ ਕਿ ਉਹ ਥਾਣੇ 'ਚੋਂ ਭੱਜ ਗਏ ਸਨ। ਸ਼ਹਿਰੀਆਂ ਨੇ ਵਧ ਰਹੀਆਂ ਵਾਰਦਾਤਾਂ ਖਿਲਾਫ਼ ਅਧਿਕਾਰੀਆਂ ਕੋਲੋਂ ਸਮਾਜ ਵਿਰੋਧੀ ਅਨਸਰਾਂ 'ਤੇ ਸਖਤ ਕਾਰਵਾਈ ਲਈ ਮੰਗ ਕੀਤੀ।