ਸਟਾਫ ਰਿਪੋਰਟਰ, ਫਿਰੋਜ਼ਪੁਰ : ਵਿਧਾਨ ਸਭਾ ਹਲਕਾ ਜ਼ੀਰਾ ਅਧੀਨ ਆਉਂਦੇ ਪਿੰਡ ਵਕੀਲਾਂ ਵਾਲਾ ਵਿਚ ਟਰਾਂਸਫਾਰਮਰ ਰੱਸੇ ਨਾਲ ਸਫੈਦੇ ਵਿਚ ਬੰਨਿ੍ਹਆ ਹੋਇਆ ਸੀ ਜਿਸ ਵਿਚ ਮੋਟਰਸਾੲਕੀਲ ਵੱਜਣ ਨਾਲ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ ਹੈ। ਇਸ ਸਬੰਧੀ ਪੁਲਿਸ ਨੇ 2 ਜਣਿਆਂ ਵਿਰੁੱਧ 304-ਏ, 283, 427 ਆਈਪੀਸੀ ਤਹਿਤ ਮਾਮਲਾ ਦਰਜ ਕੀਤਾ ਹੈ।

ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਨਿਰਮਲ ਸਿੰਘ ਵਾਸੀ ਪਿੰਡ ਵਰਨਾਲਾ ਨੇ ਦੱਸਿਆ ਕਿ ਉਸ ਦਾ ਜਵਾਈ ਤਰਸੇਮ ਸਿੰਘ (30 ਸਾਲ) ਵਾਸੀ ਪਿੰਡ ਮਰੂੜ ਥਾਣਾ ਮੱਲਾਂਵਾਲਾ ਮੋਟਰਸਾਈਕਲ 'ਤੇ ਤਲਵੰਡੀ ਭਾਈ ਤੋਂ ਆਪਣੇ ਪਿੰਡ ਨੂੰ ਜਾ ਰਿਹਾ ਸੀ ਤੇ ਉਹ ਉਸ ਦੇ ਪਿੱਛੇ ਜਾ ਰਿਹਾ ਸੀ। ਰਸਤੇ ਵਿਚ ਜਸਪ੍ਰੀਤ ਸਿੰਘ ਜੱਸਾ ਵਾਸੀ ਪਿੰਡ ਵਰਨਾਲਾ ਅਤੇ ਮਨਪ੍ਰੀਤ ਸਿੰਘ ਵਾਸੀ ਪਿੰਡ ਪੱਟੀ ਜ਼ਿਲ੍ਹਾ ਤਰਨਤਾਰਨ ਜੋ ਬਿਜਲੀ ਬੋਰਡ ਵਿਚ ਪ੍ਰਾਈਵੇਟ ਕਾਮੇ ਰੱਖੇ ਹੋਏ ਹਨ, ਟਰਾਂਸਫਾਰਮਰ ਬਦਲ ਰਹੇ ਸਨ। ਦੋਵਾਂ ਪ੍ਰਾਈਵੇਟ ਬਿਜਲੀ ਕਾਮਿਆਂ ਨੇ ਟਰਾਂਸਫਾਰਮਰ ਨੂੰ ਰੱਸਾ ਪਾ ਕੇ ਸੜਕ ਦੇ ਦੂਜੇ ਪਾਸੇ ਸਫੈਦੇ ਨੂੰ ਰੱਸਾ ਬੰਨਿ੍ਹਆ ਹੋਇਆ ਸੀ। ਨਿਰਮਲ ਸਿੰਘ ਮੁਤਾਬਕ ਮੋਟਰਸਾਈਕਲ ਰੱਸੇ ਵਿਚ ਵੱਜਣ ਕਰ ਕੇ ਤਰਸੇਮ ਮੋਟਰਸਾਈਕਲ ਤੋਂ ਡਿੱਗ ਪਿਆ ਤੇ ਉਸ ਦੀ ਧੌਣ ਤੇ ਹੋਰ ਸੱਟਾਂ ਲੱਗਣ ਕਰ ਕੇ ਮੌਕੇ 'ਤੇ ਮੌਤ ਹੋ ਗਈ। ਜਾਂਚ ਕਰ ਰਹੇ ਏਐੱਸਆਈ ਦਿਲਬਾਗ ਸਿੰਘ ਮੁਤਾਬਕ ਨਿਰਮਲ ਸਿੰਘ ਦੇ ਬਿਆਨਾਂ 'ਤੇ ਦੋਵਾਂ ਜਣਿਆਂ ਜਸਪ੍ਰੀਤ ਜੱਸਾ ਤੇ ਮਨਪ੍ਰੀਤ ਸਿੰਘ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।