ਵਿਰੋਧੀ ਪਾਰਟੀਆਂ ਦਾ ਭ੍ਰਿਸ਼ਟਾਚਾਰ ਆਏ ਦਿਨ ਸਾਹਮਣੇ ਆ ਰਿਹਾ ਹੈ : ਵਿਧਾਇਕ ਭੁੱਲਰ
ਭਗਵੰਤ ਮਾਨ ਸਰਕਾਰ ਨੇ ਕੀਤੇ ਰਿਕਾਰਡ ਤੋੜ ਕੰਮ; ਰਣਬੀਰ ਭੁੱਲਰ ,ਵਿਧਾਇਕ
Publish Date: Tue, 09 Dec 2025 07:02 PM (IST)
Updated Date: Tue, 09 Dec 2025 07:03 PM (IST)

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ: ਇਕ ਪਾਸੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਵੱਲੋਂ ਬੀਤੇ ਪੌਣੇ ਚਾਰ ਸਾਲਾਂ ਵਿਚ ਸੂਬੇ ਦੀ ਬਿਹਤਰੀ ਲਈ ਰਿਕਾਰਡ ਤੋੜ ਕੰਮ ਕੀਤੇ ਹਨ ਤਾਂ ਦੂਜੇ ਪਾਸੇ ਬੀਤੇ 70 ਸਾਲਾਂ ਤੋਂ ਦੇਸ਼ ਅਤੇ ਪੰਜਾਬ ਵਿਚ ਰਾਜ ਕਰ ਰਹੀਆਂ ਪਾਰਟੀਆਂ ਦਾ ਭ੍ਰਿਸ਼ਟਾਚਾਰ ਆਏ ਦਿਨ ਸਾਹਮਣੇ ਆ ਰਿਹਾ ਹੈ। ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਫਿਰੋਜ਼ਪੁਰ ਸ਼ਹਿਰੀ ਦੇ ਵਿਧਾਇਿਕ ਰਣਬੀਰ ਭੁੱਲਰ ਨੇ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਉਮੀਦਵਾਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ। ਮੰਗਲਵਾਰ ਨੂੰ ਵੀ ਵਿਧਾਇਕ ਰਣਬੀਰ ਭੁੱਲਰ ਨੇ ਵੱਖ-ਵੱਖ ਪਿੰਡਾਂ ਵਿਚ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਸੂਬਾ ਸਰਕਾਰ ਦੀਆਂ ਬੀਤੇ ਪੌਣੇ ਚਾਰ ਸਾਲਾਂ ਦੀਆਂ ਪ੍ਰਾਪਤੀਆਂ ਗਿਣਵਾਈਆਂ। ਵਿਧਾਇਕ ਭੁੱਲਰ ਨੇ ਆਖਿਆ ਕਿ ਲੋਕਾਂ ਵਿਚ ਰਵਾਇਤੀ ਪਾਰਟੀਆਂ (ਅਕਾਲੀ-ਕਾਂਗਰਸ) ਪ੍ਰਤੀ ਭਾਰੀ ਗੁੱਸਾ ਅਤੇ ਰੋਸ ਹੈ। ਜਨਤਾ ਦਾ ਮੰਨਣਾ ਹੈ ਕਿ ਪਹਿਲਾਂ ਜਦੋਂ ਵੀ ਇਨ੍ਹਾਂ ਪਾਰਟੀਆਂ ਨੂੰ ਵੋਟਾਂ ਪਾਈਆਂ ਗਈਆਂ, ਉਨ੍ਹਾਂ ਨੇ ਕਦੇ ਵੀ ਆਮ ਆਦਮੀ ਦੀ ਸਾਰ ਨਹੀਂ ਲਈ ਅਤੇ ਨਾ ਹੀ ਗਰੀਬ ਦੀ ਸੁਣਵਾਈ ਹੋਈ। ਭੁੱਲਰ ਨੇ ਅੱਗੇ ਕਿਹਾ ਕਿ ਲੋਕ ਹੁਣ ਭਲੀ-ਭਾਂਤ ਜਾਣਦੇ ਹਨ ਕਿ ਸਿਰਫ ਆਮ ਆਦਮੀ ਪਾਰਟੀ ਦੀ ਸਰਕਾਰ ਹੀ ਸੂਬੇ ਅਤੇ ਹਲਕੇ ਦੀ ਨੁਹਾਰ ਬਦਲ ਸਕਦੀ ਹੈ। ਇਹੀ ਕਾਰਨ ਹੈ ਕਿ ਲੋਕ ਕਿਸੇ ਲਾਲਚ ਵਿੱਚ ਆਏ ਬਿਨਾਂ, ਆਪ-ਮੁਹਾਰੇ ਪਾਰਟੀ ਨਾਲ ਜੁੜ ਰਹੇ ਹਨ ਅਤੇ ਸਮਰਥਨ ਦੇ ਰਹੇ ਹਨ।ਉਨ੍ਹਾਂ ਆਖਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਬੀਤੇ ਸਾਲਾਂ ਵਿਚ ਨਸ਼ੇ ਦੇ ਸੌਦਾਗਰਾਂ, ਰਿਸ਼ਵਤਖ਼ੋਰੀ ਅਤੇ ਭ੍ਰਿਸ਼ਟ ਅਫ਼ਸਰਸ਼ਾਹੀ ਨੂੰ ਨੱਥ ਪਾਉਣ ਲਈ ਜੋ ਠੋਸ ਕਦਮ ਚੁੱਕੇ ਗਏ ਹਨ, ਉਨ੍ਹਾਂ ਸਦਕਾ ਲੋਕਾਂ ਨੂੰ ਬਹੁਤ ਸਕੂਨ ਮਿਲਿਆ ਹੈ। ਉਨ੍ਹਾਂ ਕਿਹਾ ਕਿ ਅੱਜ ਸਰਕਾਰੀ ਦਫ਼ਤਰਾਂ ਵਿਚ ਬਿਨਾਂ ਕਿਸੇ ਸਿਫ਼ਾਰਸ਼ ਜਾਂ ਪੈਸੇ ਦੇ ਆਮ ਲੋਕਾਂ ਦੇ ਕੰਮ ਹੋ ਰਹੇ ਹਨ, ਜੋ ਕਿ ਪੰਜਾਬ ਦੇ ਇਤਿਹਾਸ ਵਿਚ ਇਕ ਵੱਡੀ ਤਬਦੀਲੀ ਹੈ।ਇਸ ਦੌਰਾਨ ਵਿਧਾਇਕ ਦੇ ਨਾਲ ਹਲਕਾ ਫ਼ਿਰੋਜ਼ਪੁਰ ਸ਼ਹਿਰੀ ਦੇ ਸੀਨੀਅਰ ਆਗੂ, ਅਹੁਦੇਦਾਰ ਅਤੇ ਵੱਡੀ ਗਿਣਤੀ ਵਿੱਚ ਪਾਰਟੀ ਵਰਕਰ ਹਾਜ਼ਰ ਸਨ। ਵਰਕਰਾਂ ਵਿੱਚ ਦੇਖਿਆ ਜਾ ਰਿਹਾ ਉਤਸ਼ਾਹ ਇਸ ਗੱਲ ਦਾ ਸੰਕੇਤ ਹੈ ਕਿ ‘ਆਪ’ ਦੀਆਂ ਜੜ੍ਹਾਂ ਹੁਣ ਜ਼ਮੀਨੀ ਪੱਧਰ ’ਤੇ ਬਹੁਤ ਮਜ਼ਬੂਤ ਹੋ ਚੁੱਕੀਆਂ ਹਨ। ਇਸ ਮੋਕੇ ਰਾਜ ਬਹਾਦੁਰ ਸਿੰਘ, ਕੁਲਦੀਪ ਸਿੰਘ ਭੁੱਲਰ, ਨੇਕ ਪ੍ਰਤਾਪ ਸਿੰਘ, ਹਿਮਾਂਸ਼ੂ ਠੱਕਰ, ਜਸਬੀਰ ਜੋਸਨ, ਬਲਕਾਰ ਟੁਰਨਾ, ਅਭੀ ਬਰਾੜ, ਗੁਰਭੇਜ ਸਿੰਘ ਅਤੇ ਹੋਰ ਵੀ ਹਾਜਰ ਸਨ।