ਸੁਖਵਿੰਦਰ ਥਿੰਦ, ਫਾਜ਼ਿਲਕਾ : ਲੋਕ ਇਨਸਾਫ਼ ਪਾਰਟੀ ਦੇ ਮੁਖੀ ਤੇ ਲੁਧਿਆਣਾ ਤੋਂ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਹੈ ਕਿ ਪੰਜਾਬ ਵਿਚ ਪਾਣੀ ਦੀ ਸਥਿਤੀ ਖ਼ਤਰਨਾਕ ਪੱਧਰ ਤਕ ਪਹੁੰਚ ਚੁੱਕੀ ਹੈ ਤੇ ਹਾਲਾਤ ਇਹ ਹਨ ਕਿ ਜੇ ਪੰਜਾਬ ਨੇ ਆਪਣੇ ਹਿੱਸੇ ਦਾ ਰਾਜਸਥਾਨ ਨੂੰ ਦਿੱਤਾ ਜਾਣ ਵਾਲਾ ਪਾਣੀ ਬੰਦ ਨਾ ਕੀਤਾ ਤਾਂ ਸੂਬੇ ਦੀ ਉਪਜਾਊ ਧਰਤੀ ਬੰਜਰ ਬਣ ਜਾਵੇਗੀ। ਬੈਂਸ ਸਥਾਨਕ ਕਮਿਊਨਟੀ ਹਾਲ ਵਿਖੇ ਸੰਬੋਧਨ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।

ਬੈਂਸ ਨੇ ਕਿਹਾ ਕਿ ਆਰਥਿਕ ਅੰਕੜਿਆਂ 'ਤੇ ਨਜ਼ਰ ਮਾਰੀ ਜਾਵੇ ਤਾਂ ਪੰਜਾਬ ਹੁਣ ਤੀਕ ਰਾਜਸਥਾਨ ਨੂੰ 16 ਲੱਖ ਕਰੋੜ ਰੁਪਏ ਦਾ ਪਾਣੀ ਮੁਫ਼ਤ ਵਿਚ ਦੇ ਚੁੱਕਿਆ ਹੈ। ਜੇ ਪੰਜਾਬ ਰਾਜਸਥਾਨ ਨੂੰ ਪਾਣੀ ਬੰਦ ਕਰ ਕੇ ਇੰਨੀ ਰਕਮ ਦੀ ਵਸੂਲੀ ਕਰੇ ਤਾਂ ਆਰਥਕ ਸੰਕਟ ਝੱਲ ਰਹੇ ਪੰਜਾਬ ਦੇ ਸਿਰ 'ਤੇ ਜਿਹੜਾ 4 ਲੱਖ ਕਰੋੜ ਦਾ ਕਰਜ਼ਾ ਹੈ, ਲਾਹਿਆ ਜਾ ਸਕਦਾ ਹੈ। ਬੈਂਸ ਨੇ ਕਿਹਾ ਕਿ ਪੰਜਾਬ ਅੰਦਰ ਪਾਣੀ ਦਾ ਪੱਧਰ ਖ਼ਤਰਨਾਕ ਸਥਿਤੀ ਵਿਚ ਚਲਾ ਗਿਆ ਹੈ ਤੇ ਪੰਜਾਬ ਡਾਰਕ ਜ਼ੋਨ ਵਿਚ ਸ਼ਾਮਲ ਹੋ ਗਿਆ ਹੈ। ਪੰਜਾਬ ਅੰਦਰ 14 ਲੱਖ ਟਿਊਬਵੈੱਲ ਅੰਨੇ੍ਹਵਾਹ ਪਾਣੀ ਖਿੱਚ ਰਹੇ ਹਨ।

ਉਨ੍ਹਾਂ ਪਾਣੀਆਂ ਦੇ ਮੁੱਦੇ 'ਤੇ ਅਕਾਲੀ-ਭਾਜਪਾ ਤੇ ਕਾਂਗਰਸ ਵੱਲੋਂ ਲੜੀ ਜਾ ਰਹੀ ਕਾਨੂੰਨੀ ਲੜਾਈ ਨੂੰ ਸਿਆਸੀ ਡਰਾਮਾ ਕਰਾਰ ਦਿੱਤਾ। ਸਿੱਧੂ ਵੱਲੋਂ ਪਾਵਰਕਾਮ ਮੰਤਰਾਲੇ ਤੋਂ ਅਸਤੀਫ਼ਾ ਦਿੱਤੇ ਜਾਣ ਬਾਰੇ ਬੈਂਸ ਨੇ ਕਿਹਾ ਕਿ ਉਨ੍ਹਾਂ ਨੂੰ ਹੁਣ ਕਾਂਗਰਸ ਨੂੰ ਅਲਵਿਦਾ ਕਹਿ ਦੇਣਾ ਚਾਹੀਦਾ ਹੈ, ਜੇ ਸਿੱਧੂ ਚਾਹੁਣ ਤਾਂ ਉਨ੍ਹਾਂ ਦੀ ਪਾਰਟੀ ਵਿਚ ਆ ਸਕਦੇ ਹਨ।

ਆਮ ਆਦਮੀ ਪਾਰਟੀ ਨਾਲ ਗੱਠਜੋੜ ਬਾਰੇ ਪੁੱਛੇ ਸਵਾਲ 'ਤੇ ਬੈਂਸ ਨੇ ਕਿਹਾ ਕਿ ਨਸ਼ਿਆਂ ਦੇ ਮੁੱਦੇ 'ਤੇ ਬਿਕਰਮ ਮਜੀਠੀਆ ਨੂੰ ਕਲੀਨਚਿੱਟ ਦੇਣ ਤੋਂ ਬਾਅਦ ਜੇ ਅਰਵਿੰਦ ਕੇਜਰੀਵਾਲ ਗ਼ਲਤੀ ਸਵੀਕਾਰ ਕਰ ਕੇ ਮਾਫ਼ੀ ਮੰਗਦੇ ਹਨ ਤਾਂ ਲੋਕ ਇਨਸਾਫ਼ ਪਾਰਟੀ, ਗੱਠਜੋੜ ਲਈ ਤਿਆਰ ਹੈ। ਇਸ ਮੌਕੇ ਮਿੱਕੀ ਧਮੀਜਾ, ਹਰਪ੍ਰਰੀਤ ਧਮੀਜਾ ਤੇ ਕਈ ਹੋਰ ਆਗੂ ਮੌਜੂਦ ਸਨ।