ਪਰਮਿੰਦਰ ਸਿੰਘ ਥਿੰਦ, ਫਿਰੋਜ਼ਪੁਰ : ਦੇਸ਼ ਨੂੰ ਟੀਬੀ ਮੁਕਤ ਬਣਾਉਣ ਅਤੇ ਤੰਦਰੁਸਤ ਪੰਜਾਬੀਆਂ ਦੀ ਕਾਮਨਾ ਕਰਦਿਆਂ ਪੰਜਾਬ ਵਿਚੋਂ ਬਿਮਾਰੀਆਂ ਨੂੰ ਭਜਾਉਣ ਦੇ ਮਨੋਰਥ ਨਾਲ ਅੱਜ ਲੋਕਾਈ ਕਲਾ ਮੰਚ ਤੋਂ ਆਈ ਨੁੱਕੜ ਨਾਟਕ ਦੀ ਟੀਮ ਵੱਲੋਂ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਇਸ ਮੌਕੇ ਡਾ. ਵਨੀਤਾ ਭੁੱਲਰ, ਸੀਨੀਅਰ ਮੈਡੀਕਲ ਅਫਸਰ ਫਿਰੋਜ਼ਸ਼ਾਹ ਨੇ ਲੋਕਾਂ ਨੂੰ ਜਾਗਰੂਕ ਕਰਦਿਆਂ ਕਿਹਾ ਜਿਥੇ ਹਰ ਮਨੁੱਖ ਨੂੰ ਆਪਣੀ ਸਿਹਤ ਪ੍ਰਤੀ ਸੁਹਿਰਦਤਾ ਅਪਣਾਉਂਦਿਆਂ ਲੋੜ ਮੁਤਾਬਿਕ ਡਾਕਟਰੀ ਚੈੱਕਅਪ ਕਰਵਾਉਣ ਦੀ ਗੱਲ ਕੀਤੀ, ਉਥੇ ਭਰਪੂਰ ਵਿਟਾਮਿਨ ਖੁਰਾਕ ਦਾ ਸੇਵਨ ਕਰਨ ਦੀ ਵੀ ਅਪੀਲ ਕੀਤੀ। ਉਨ੍ਹਾਂ ਸਪੱਸ਼ਟ ਕੀਤਾ ਕਿ ਤੰਦਰੁਸਤ ਦਿਖਣ ਵਾਲਾ ਸਰੀਰ ਵੀ ਕਈ ਵਾਰ ਬਿਮਾਰੀ ਨਾਲ ਪੀੜਤ ਹੁੰਦਾ ਹੈ, ਜਿਸ ਦੇ ਚੱਲਦਿਆਂ ਥੋੜ੍ਹਾ-ਬਹੁਤ ਮਹਿਸੂਸ ਹੋਣ ਦੀ ਸੂਰਤ ਵਿਚ ਪੂਰਾ ਚੈੱਕਅੱਪ ਕਰਵਾਉਣਾ ਵੀ ਅਤਿ ਜ਼ਰੂਰੀ ਹੈ। ਟੀਬੀ ਦੇ ਲੱਛਣਾਂ ਤੋਂ ਜਾਣੂ ਕਰਵਾਉਂਦਿਆਂ ਰਣਜੀਤ ਸਿੰਘ ਐੱਸਟੀਐੱਸ ਤੇ ਪ੍ਰਚਾਰਕ ਸ੍ਰੀਮਤੀ ਨੇਹਾ ਭੰਡਾਰੀ ਬੀਈਈ ਨੇ ਕਿਹਾ ਕਿ ਪੰਜਾਬ ਦੇ ਸਮੂਹ ਸਿਹਤ ਕੇਂਦਰਾਂ ਵਾਂਗ ਿਫ਼ਰੋਜ਼ਸ਼ਾਹ ਵਿਚਲੇ ਸਿਹਤ ਕੇਂਦਰ ਵਿਚ ਵੀ ਮਾਹਿਰ ਡਾਕਟਰਾਂ ਵੱਲੋਂ ਮਰੀਜ਼ਾਂ ਦਾ ਮੁਫਤ ਇਲਾਜ ਕਰਨ ਦੇ ਨਾਲ-ਨਾਲ ਮੁਫਤ ਦਵਾਈਆਂ ਵੀ ਦਿੱਤੀਆਂ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਬਿਮਾਰ ਹੋਣ ਦੀ ਸੂਰਤ ਵਿਚ ਮਰੀਜ਼ ਨੂੰ ਤੁਰੰਤ ਨੇੜਲੇ ਸਿਹਤ ਕੇਂਦਰ ਵਿਚ ਪਹੁੰਚਾਇਆ ਜਾਵੇ, ਜਿਥੇ ਮਾਹਿਰ ਡਾਕਟਰਾਂ ਵੱਲੋਂ ਆਧੁਨਿਕ ਮਸ਼ੀਨਾਂ ਨਾਲ ਮਰੀਜ਼ ਦੀ ਬਿਮਾਰੀ ਦਾ ਇਲਾਜ ਕੀਤਾ ਜਾਂਦਾ ਹੈ। ਨੁੱਕੜ ਨਾਟਕ ਕਰਨ ਆਏ ਲਵਜਿੰਦਰ ਸਿੰਘ, ਦੀਪੂ ਅਤੇ ਰਾਜਵਿੰਦਰ ਨੇ ਕਿਹਾ ਕਿ ਦੋ ਹਫਤੇ ਤੋਂ ਜ਼ਿਆਦਾ ਖਾਂਸੀ ਆਉਣਾ, ਭੁੱਖ ਘੱਟ ਲੱਗਣਾ, ਬੁਖਾਰ ਜਾਂ ਭਾਰ ਘਟਨਾ ਮੁੱਖ ਕਾਰਨ ਹਨ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਟੀਬੀ ਹੋਣ ਦੀ ਸੂਰਤ ਵਿਚ ਮਨੁੱਖ ਦੀ ਛਾਤੀ ਵਿਚ ਥੋੜ੍ਹਾ-ਥੋੜ੍ਹਾ ਦਰਦ ਰਹਿਣ ਜਾਂ ਖਾਂਸੀ ਦੌਰਾਨ ਬਲਗਮ ਆਉਣਾ 'ਤੇ ਤੁਰੰਤ ਮਾਹਿਰ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਹੋਰਨਾਂ ਬਿਮਾਰੀਆਂ ਵਾਂਗ ਟੀਬੀ ਰੋਗ ਦਾ ਵੀ ਇਲਾਜ ਸਿਹਤ ਕੇਦਰਾਂ ਵਿਚ ਮੁਫਤ ਹੈ ਅਤੇ ਮਰੀਜ਼ ਨੂੰ ਕੁਝ ਸਾਵਧਾਨੀਆਂ ਦੇ ਨਾਲ-ਨਾਲ ਦਵਾਈ ਨਿਰੰਤਰ ਲੈਣੀ ਚਾਹੀਦੀ ਹੈ, ਜਿਸ ਨਾਲ ਕੁਝ ਦਿਨਾਂ ਵਿਚ ਬਿਮਾਰੀ ਤੋਂ ਸਦਾ ਲਈ ਛੁਟਕਾਰਾ ਮਿਲ ਜਾਂਦਾ ਹੈ।