ਰਮਨਦੀਪ, ਖੂਈਆ ਸਰਵਰ : ਪਸੂ ਪਾਲਣ ਵਿਭਾਗ ਵੱਲੋਂ ਡਿਪਟੀ ਡਾਇਰੈਕਟਰ ਡਾ. ਰਾਕੇਸ਼ ਗਰੋਵਰ ਅਤੇ ਸੀਨੀਅਰ ਵੈਟਰਨਰੀ ਅਫਸਰ ਡਾਕਟਰ ਨਰਿੰਦਰ ਪਾਲ ਗਿੱਲ ਦੀ ਅਗਵਾਈ 'ਚ ਅਬੋਹਰ ਦੇ ਸਰਕਾਰੀ ਪਸ਼ੂ ਹਸਪਤਾਲ 'ਚ ਬੱਕਰੀ ਪਾਲਣ ਦੇ ਕਿੱਤੇ ਸਬੰਧੀ ਦੋ ਰੋਜ਼ਾ ਸਿਖਲਾਈ ਕਰਵਾਈ ਗਈ। ਸਿਖਲਾਈ ਪ੍ਰਰੋਗਰਮ ਦੌਰਾਨ ਮੁੱਖ ਮਹਿਮਾਨ ਵੱਜੋਂ ਪਹੁੰਚੇ ਐੱਸਡੀਐੱਮ ਵਿਨੋਦ ਬਾਂਸਲ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਜੋਕੇ ਸਮੇਂ 'ਚ ਖੇਤੀਬਾੜੀ ਦੇ ਨਾਲ ਨਾਲ ਸਹਾਇਕ ਧੰਦਿਆਂ ਨੂੰ ਅਪਣਾਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਪਸ਼ੂ ਪਾਲਣ ਵਿਭਾਗ ਅਤੇ ਹੋਰਨਾਂ ਵਿਭਾਗਾਂ ਨਾਲ ਸਬੰਧਤ ਯੌਜਨਾਵਾਂ ਦਾ ਤਕਨੀਕੀ ਗਿਆਨ ਹਾਸਿਲ ਕਰਕੇ ਹੀ ਸਹਾਇਕ ਧੰਦੇ ਅਪਨਾਉਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਬੱਕਰੀ ਪਾਲਣ ਬਹੁਤ ਵਧੀਆ ਕਿੱਤਾ ਹੈ ਜਿਸ ਨੂੰ ਅਪਣਾ ਕੇ ਪਸ਼ੂਪਾਲਕ ਆਪਣੀ ਆਰਥਿਕਤਾ ਨੰੂ ਮਜ਼ਬੂਤ ਕਰ ਸਕਦੇ ਹਨ।

ਇਸ ਦੌਰਾਨ ਡਾ. ਅਮਿਤ ਨੈਨ, ਡਾ ਮਨਦੀਪ ਸਿੰਘ, ਡਾ ਵਿਨੋਦ ਕੁਮਾਰ ਅਤੇ ਡਾ. ਗੁਰਚਰਨ ਸਿੰਘ ਵੱਲੋਂ ਸਿਖਲਾਈ ਪ੍ਰਰੋਗਰਾਮ ਵਿੱਚ ਭਾਗ ਲੈਣ ਵਾਲੇ ਸਿਖਿਆਰਥੀਆਂ ਨੂੰ ਬੱਕਰੀ ਪਾਲਣ ਸਬੰਧੀ ਵਿਸਥਾਰਪੂਰਕ ਜਾਣਕਾਰੀ ਦਿੱਤੀ ਗਈ। ਮਾਹਿਰਾਂ ਵੱਲੋਂ ਬੱਕਰੀ ਪਾਲਣ ਬਾਰੇ ਸ਼ੈੱਡ ਬਣਾਉਣ ਤੇ ਬੱਕਰੀਆਂ ਦੀ ਬਿਮਾਰੀਆਂ ਦੇ ਇਲਾਜ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਇਸ ਦੌਰਾਨ ਟਰੇਨਿੰਗ 'ਚ ਭਾਗ ਲੈਣ ਵਾਲਿਆਂ ਨੂੰ ਰਾਮਸਰਾ ਸਥਿਤ ਬੀਟਲ ਫਾਰਮ ਦਾ ਦੌਰਾ ਕਰਾ ਕੇ ਉਨ੍ਹਾਂ ਨੂੰ ਪ੍ਰਰੈਕਟੀਕਲ ਤੌਰ ਤੇ ਜਾਣਕਾਰੀ ਦਿੱਤੀ ਗਈ। ਇਸ ਮੌਕੇ ਭਾਗ ਲੈਣ ਵਾਲੇ ਸਿਖਿਆਰਥੀਆਂ ਨੂੰ ਸਰਟੀਫਕਿੇਟ ਵੰਡੇ ਗਏ।