ਸੁਖਵਿੰਦਰ ਥਿੰਦ ਆਲਮਸ਼ਾਹ, ਫਾਜ਼ਿਲਕਾ : ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਮੋਹਾਲੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਾਜ਼ਿਲਕਾ ਦੀ ਅਕਤੂਬਰ ਤੋਂ ਦਸੰਬਰ ਮਹੀਨੇ ਦੀ ਤਿਮਾਹੀ ਮੀਟਿੰਗਾਂ ਬੁੱਧਵਾਰ ਨੂੰ ਜੁਡੀਸ਼ੀਅਲ ਕੋਰਟ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਤਰਸੇਮ ਮੰਗਲਾ, ਮਾਣਯੋਗ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ-ਕਮ-ਚੈਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਾਜ਼ਿਲਕਾ ਦੀ ਅਗੁਵਾਈ ਹੇਠ ਹੋਈ। ਇਸ ਮੀਟਿੰਗ ਦੇ ਮੁੱਖ ਏਜੰਡੇ ਜਿਵੇਂ ਕਿ ਗਵਾਹ ਸੁਰੱਖਿਆ ਸਕੀਮ ਨੂੰ ਲਾਗੂ ਕਰਨਾ ਅਤੇ ਲੋਕਾਂ ਨੂੰ ਇਸ ਸਕੀਮ ਬਾਰੇ ਜਾਗਰੂਕ ਕਰਨਾ, ਫੌਜਦਾਰੀ ਅਪਰਾਧ ਜਿਵੇਂ ਕਿ ਰੇਪ, ਸਾਮੂਹਿਕ ਰੇਪ, ਤੇਜਾਬ ਹਮਲੇ ਦਾ ਕੇਸ, ਜਲਾਊਣ ਦੇ ਕੇਸ ਆਦਿ 'ਚ ਐੱਫਆਈਆਰ ਦੀ ਕਾਪੀ ਮੁਹਈਆ ਕਰਵਾਨਾ, ਘੋਰ ਅਪਰਾਧ 'ਚ ਐਫ. ਆਈ. ਆਰ. ਤੁਰੰਤ ਦਰਜ ਕਰਨਾ, ਵਿਕਟਿਮ ਮੁਆਵਜ਼ਾ ਸਕੀਮ ਦੇ ਅਧੀਨ ਤੇਜ਼ਾਬ ਪੀੜਤ, ਸੜਕ ਦੁਰਘਟਨਾ ਜਿਸ 'ਚ ਬੰਦਾ ਨਾ-ਮਾਲੂਮ ਹੋਏ ਅਤੇ ਮੁਫ਼ਤ ਕਾਨੂੰਨੀ ਸੇਵਾਵਾਂ, ਨੈਸ਼ਨਲ ਲੋਕ ਅਦਾਲਤ, ਮਹੀਨਵਾਰ ਲੋਕ ਅਦਾਲਤਾਂ ਬਾਰੇ ਵਿਸਤਾਰ 'ਚ ਜਾਣਕਾਰੀ ਦਿੱਤੀ।

ਇਸ ਮੀਟਿੰਗ 'ਚ ਪੰਜਾਬ ਵਿਕਟਿਮ ਮੁਆਵਜ਼ਾ ਸਕੀਮ ਅਧੀਨ ਵਾਰਸਨਾਮਾ ਸਰਟੀਫਿਕੇਟ ਅਤੇ ਅਦਮਪਤਾ ਰਿਪੋਰਟਾਂ,ਐਮ.ਐਲ. ਆਰ ਰਿਪੋਰਟਾਂ ਆਦਿ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਦੇ ਨਾਲ ਹੀ ਸਾਰੇ ਮੌਜ਼ੂਦ ਮੈਂਬਰਾਂ ਨੂੰ ਵਨ ਸਟਾਪ ਸੈਂਟਰ ਜੋ ਕਿ ਸਿਵਲ ਹਸਪਤਾਲ ਵਿਖੇ ਆਮ ਲੋਕਾਂ ਦੀ ਸਹੁਲਿਅਤ ਲਈ ਖੋਲਿ੍ਹਆ ਗਿਆ ਹੈ ਬਾਰੇ ਜਾਣੂ ਕਰਵਾਇਆ। ਇਸ ਮੌਕੇ ਰਾਜ ਪਾਲ ਰਾਵਲ ਨੇ ਦੱਸਿਆ ਕਿ ਫਾਜ਼ਿਲਕਾ ਜ਼ਿਲ੍ਹੇ 'ਚ 200 ਤੋਂ ਵੱਧ ਪੈਰਾ ਲੀਗਲ ਵਲੰਟੀਅਰ ਕੰਮ ਕਰ ਰਹੇ ਹਨ। ਇਸ ਮੀਟਿੰਗ 'ਚ ਅਰਵਿੰਦ ਪਾਲ ਸਿੰਘ, ਡਿਪਟੀ ਕਮਿਸ਼ਨਰ, ਫਾਜ਼ਿਲਕਾ, ਹਰਮੀਤ ਸਿੰਘ ਸੀਨੀਅਰ ਪੁਲਿਸ ਕਪਤਾਨ, ਫਾਜ਼ਿਲਕਾ, ਰਾਜ ਪਾਲ ਰਾਵਲ, ਸਕੱਤਰ, ਜ਼ਿਲ੍ਹਾ ਕਾਨੁੰਨੀ ਸੇਵਾਵਾਂ ਅਥਾਰਟੀ, ਫਾਜ਼ਿਲਕਾ, ਅਮਿਤ ਕੁਮਾਰ ਗਰਗ, ਚੀਫ ਜੂਡੀਸ਼ੀਅਲ ਮੈਜੀਸਟਰੇਟ, ਯੋਗੇਸ਼ ਕਸਰੀਜਾ, ਡਿਪਟੀ ਜ਼ਿਲ੍ਹਾ ਅਟਾਰਨੀ, ਫਾਜ਼ਿਲਕਾ, ਰਾਜ ਕੁਮਾਰ, ਸਹਾਇਕ ਲੋਕ ਸੰਪਰਕ ਅਫ਼ਸਰ ਜੀ ਨੇ ਇਸ ਮੀਟਿੰਗ 'ਚ ਹਿੱਸਾ ਲਿਆ।