ਬਗੀਚਾ ਸਿੰਘ, ਮਮਦੋਟ : ਕਿ੍ਸ਼ੀ ਵਿਗਿਆਨ ਕੇਂਦਰ, ਫਿਰੋਜ਼ਪੁਰ ਅਤੇ ਆਤਮਾ ਫਿਰੋਜ਼ਪੁਰ ਵੱਲੋਂ ਬਲਾਕ ਮਮਦੋਟ ਵਿਖੇ ਪਿੰਡ ਮੁਰਕਵਾਲਾ 'ਚ ਸਾਂਝੇ ਉੱਦਮ ਨਾਲ ਡਾ. ਜੰਗੀਰ ਸਿੰਘ ਖੇਤੀਬਾੜੀ ਅਫ਼ਸਰ ਮਮਦੋਟ ਦੀ ਯੋਗ ਅਗਵਾਈ ਹੇਠ ਪਰਾਲੀ ਦੀ ਸੁਚੱਜੀ ਸਾਂਭ ਸੰਭਾਲ ਸਬੰਧੀ ਬਲਾਕ ਪੱਧਰੀ ਕਿਸਾਨਾਂ ਨੂੰ ਜਾਗਰੂਕ ਕਰਨ ਕੈਂਪ ਲਾਇਆ ਗਿਆ। ਇਸ ਕੈਂਪ 'ਚ ਲਗਭਗ 100 ਕਿਸਾਨਾਂ ਨੇ ਭਾਗ ਲਿਆ। ਇਸ ਮੌਕੇ ਡਾ. ਵਿੱਕੀ ਸਿੰਘ ਸਹਾਇਕ ਪ੍ਰਰੋਫੈਸਰ (ਭੂਮੀ ਵਿਗਿਆਨ), ਕੇਵੀਕੇ ਅਤੇ ਡਾ. ਅਸ਼ਵ ਬਜਾਜ ਬਲਾਕ ਟੈਕਨੌਲਜੀ ਮੈਨੇਜਰ (ਆਤਮਾ) ਨੇ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਦੀ ਸੁਚੱਜੀ ਸਾਂਭ ਸੰਭਾਲ ਲਈ ਵਰਤੇ ਜਾਣ ਵਾਲੇ ਵੱਖ ਵੱਖ ਢੰਗਾਂ ਬਾਰੇ ਵਿਸਥਾਰ ਸਹਿਤ ਦੱਸਿਆ ਅਤੇ ਕਿਸਾਨਾਂ ਨੂੰ ਇਨ੍ਹਾਂ ਢੰਗਾਂ ਨੂੰ ਆਪਣੇ ਖੇਤਾਂ ਵਿਚ ਵਰਤਨ ਦੀ ਅਪੀਲ ਕੀਤੀ। ਇਸ ਮੌਕੇ ਉਨ੍ਹਾਂ ਖੇਤੀ ਖਰਚਿਆਂ ਨੂੰ ਘੱਟ ਕਰਕੇ ਵੱਧ ਤੋਂ ਵੱਧ ਮੁਨਾਫਾ ਕਮਾਉਣ ਬਾਰੇ ਚਾਨਣਾ ਪਾਇਆ ਅਤੇ ਸਹਾਇਕ ਧੰਦਿਆਂ ਨੂੰ ਅਪਨਾਉਣ ਲਈ ਪ੍ਰਰੇਰਿਤ ਕੀਤਾ। ਇਸ ਮੌਕੇ ਡਾ. ਜਗਦੀਪ ਕੌਰ ਸਹਾਇਕ ਪ੍ਰਰੋਫੈਸਰ (ਪੌਦ ਸੁਰੱਖਿਆ) ਨੇ ਮੌਜੂਦਾ ਝੋਨੇ ਅਤੇ ਬਾਸਮਤੀ ਦੀ ਫਸਲ ਉੱਤੇ ਨੁਕਸਾਨ ਕਰਨ ਵਾਲੇ ਕੀੜੇ ਮਕੌੜੇ ਅਤੇ ਬਿਮਾਰੀਆਂ ਬਾਰੇ ਜਾਣਕਾਰੀ ਦਿੱਤੀ ਅਤੇ ਕਿਸਾਨਾਂ ਨੂੰ ਦੱਸਿਆ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਪ੍ਰਮਾਣਿਤ ਬੀਜ਼ ਕਿਸਾਨਾਂ ਨੂੰ ਕਿ੍ਸ਼ੀ ਵਿਗਿਆਨ ਕੇਂਦਰ ਫਿਰੋਜ਼ਪੁਰ ਦੀ ਦੁਕਾਨ ਤੇ ਉਪਲੱਬਧ ਕਰਵਾਏ ਜਾਂਦੇ ਹਨ। ਇਸ ਮੌਕੇ ਡਾ. ਮਨਿੰਦਰ ਸਿੰਘ, ਏਡੀਓ ਖੇਤੀਬਾੜੀ ਵਿਭਾਗ ਮਮਦੋਟ ਵੱਲੋਂ ਕਿਸਾਨਾਂ ਨੂੰ ਵਿਭਾਗ ਵੱਲੋਂ ਚੱਲ ਰਹੀਆਂ ਸਕੀਮਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਅਤੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਪਰਾਲੀ ਨੂੰ ਅੱਗ ਨਾ ਲਾਉਣ ਅਤੇ ਖੇਤੀਬਾੜੀ ਵਿਭਾਗ ਨਾਲ ਵੱਧ ਤੋਂ ਵੱਧ ਰਾਬਤਾ ਕਾਇਮ ਰੱਖਣ। ਇਸ ਮੌਕੇ ਆਤਮਾ, ਮਮਦੋਟ (ਫਿਰੋਜ਼ਪੁਰ) ਦੇ ਕਰਮਚਾਰੀ ਗੁਰਮੀਤ ਸਿੰਘ, ਸਤਨਾਮ ਸਿੰਘ ਅਤੇ ਖੇਤੀਬਾੜੀ ਵਿਭਾਗ ਦੇ ਕਰਮਚਾਰੀ ਪਰਵਿੰਦਰ ਸਿੰਘ, ਐੱਸ ਪਾਲ ਸਿੰਘ, ਬਲਜਿੰਦਰ ਸਿੰਘ ਨੇ ਕਿਸਾਨਾਂ ਨੂੰ ਇਸ ਕੈਂਪ ਵਿਚ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਧੰਨਵਾਦ ਕੀਤਾ।