ਪਰਮਿੰਦਰ ਸਿੰਘ ਥਿੰਦ,ਫਿਰੋਜ਼ਪੁਰ : ਖੇਤੀ ਬਿੱਲਾਂ ਨੂੰ ਲੈ ਕੇ ਜਿਥੇ ਮੋਦੀ ਸਰਕਾਰ ਖ਼ਿਲਾਫ਼ ਲੋਕਾਂ ਦਾ ਗੁੱਸਾ ਲਾਵੇ ਦਾ ਰੂਪ ਧਾਰਦਾ ਜਾ ਰਿਹਾ ਹੈ, ਉਥੇ ਅੜਿਅਲ ਰਵੱਈਆ ਅਖ਼ਤਿਆਰ ਕੀਤੀ ਬੈਠੇ ਹਾਕਮਾਂ ਵੱਲੋਂ ਵੀ ਹੁਣ ਕਥਿੱਤ ਤੌਰ 'ਤੇ 'ਸ਼ਹਿ ਅਤੇ ਮਾਤ' ਦੀਆਂ ਚਾਲਾਂ ਚੱਲਣੀਆਂ ਸ਼ੁਰੂ ਹੋ ਗਈਆਂ ਹਨ। ਬੀਤੇ ਤਿੰਨ ਦਿਨਾਂ ਤੋਂ ਫਿਰੋਜ਼ਪੁਰ ਰੇਲਵੇ ਸਟੇਸ਼ਨ ਦੇ ਆਉਟਰ 'ਤੇ ਟਰੈਕ 'ਤੇ ਬੈਠੇ ਕਿਸਾਨ ਮਜ਼ਦੂਰ ਜਥੇਬੰਦੀਆਂ ਅਤੇ ਹੋਰ ਸਹਿਯੋਗੀ ਧਿਰਾਂ ਦੇ ਵੱਧ ਰਹੇ ਇਕੱਠ ਅਤੇ ਪੰਜਾਬ ਸਰਕਾਰ ਵੱਲੋਂ ਕਿਸੇ ਕਿਸਮ ਦੀ ਕਾਰਵਾਈ ਨਾ ਕੀਤੇ ਜਾਣ ਦੇ ਕੀਤੇ ਐਲਾਣ ਤੋਂ ਬਾਅਦ ਹੁਣ ਕੇਂਦਰੀ ਅਦਾਰਿਆਂ ਵੱਲੋਂ ਕਥਿੱਤ ਤੌਰ 'ਤੇ ਕੋਸ਼ਿਸ਼ਾਂ ਸ਼ੁਰੂ ਹੋ ਗਈਆਂ ਹਨ। ਇਸ ਸਿਲਸਿਲੇ 'ਚ ਸ਼ੁੱਕਰਵਾਰ ਬਾਅਦ ਦੁਪਹਿਰ ਜਦੋਂ ਰੇਲਵੇ ਟਰੈਕ 'ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਕਾਰਕੁੰਨ ਅਤੇ ਹੋਰ ਵੀ ਸਹਿਯੋਗੀ ਲੋਕ ਜਦੋਂ ਬੁਲਾਰਿਆਂ ਨੂੰ ਸੁਣ ਰਹੇ ਸਨ ਤਾਂ ਇਸੇ ਦੌਰਾਨ ਵੱਖ-ਵੱਖ ਥਾਵਾਂ ਤੇ ਇਲਾਕਿਆਂ ਤੋਂ ਅੰਨ ਪਾਣੀ ਤੇ ਹੋਰ ਕਈ ਤਰ੍ਹਾਂ ਦੀ ਸੇਵਾ ਕੀਤੇ ਜਾਣ ਦੇ ਵੀ ਐਲਾਣ ਹੋ ਰਹੇ ਸਨ।

ਕੁੱਲ ਮਿਲਾ ਕੇ ਮਾਹੌਲ ਇਕ ਧਰਮਯੁੱਧ ਵਾਲਾ ਬਣਿਆ ਹੀ ਹੋਇਆ ਸੀ ਕਿ ਅਚਾਨਕ ਹੀ ਰੇਲਵੇ ਦੇ ਟਰੈਕ ਵਿਚ ਹਿੱਲਜੁੱਲ ਸ਼ੁਰੂ ਹੋ ਗਈ। ਜਿੰਨੀਂ ਦੇਰ ਨੂੰ ਕੋਈ ਕੁੱਝ ਸਮਝ ਪਾਉਂਦਾ ਰੇਲਵੇ ਦੇ ਅਧਿਕਾਰੀਆਂ ਵੱਲੋਂ ਉਨ੍ਹਾਂ ਟਰੈਕਾਂ ਦੇ ਕਾਂਟੇ ਬਦਲੇ ਜਾ ਚੁੱਕੇ ਸਨ, ਜਿਨ੍ਹਾਂ 'ਤੇ ਬੀਤੇ ਤਿੰਨ ਦਿਨਾਂ ਤੋਂ ਰੇਲਾਂ ਦੀ ਕੋਈ ਅਵਾਜਾਈ ਨਾ ਤਾਂ ਹੋਈ ਸੀ ਤੇ ਨਾ ਹੀ ਕਿਸਾਨੀ ਪ੍ਰਦਰਸ਼ਨ ਖਤਮ ਹੋਣ ਤੋਂ ਪਹਿਲੋਂ ਹੋਣ ਦੇ ਆਸਾਰ ਸਨ। ਰੇਲਵੇ ਵੱਲੋਂ ਕਾਂਟਾ ਬਦਲੇ ਜਾਣ ਕਾਰਨ ਸੁਖਦ ਪਹਿਲੂ ਇਹ ਰਿਹਾ ਕਿ ਕਿਸੇ ਵੀ ਵਿਅੱਕਤੀ ਦੀ ਲੱਤ ,ਬਾਂਹ ਜਾਂ ਕੋਈ ਹੋਰ ਅੰਗ ਟਰੈਕ ਦੇ ਬਦਲੇ ਕਾਂਟਿਆਂ 'ਚ ਨਹੀਂ ਆਈ। ਇਸ ਦੌਰਾਨ ਟਰੈਕ 'ਤੇ ਹੀ ਬੈਠੇ ਸੀਨੀਅਰ ਕਿਸਾਨ ਆਗੂ ਦਾ ਕੁੜਤਾ, ਪਾਜ਼ਾਮਾ ਤੇ ਕਛਹਿਰਾ ਟਰੈਕ 'ਚ ਫੱਸ ਗਿਆ। ਇਸ ਮੌਕੇ ਲੋਕਾਂ ਨੂੰ ਸੰਬੋਧਨ ਕਰ ਰਹੇ ਹਾਈਕੋਰਟ ਦੇ ਵਕੀਲ ਮਨਜਿੰਦਰ ਸਿੰਘ ਭੁੱਲਰ ਵੱਲੋਂ ਖੂਫੀਆ ਪੁਲਿਸ ਅਤੇ ਪੰਜਾਬ ਪੁਲਿਸ ਨੂੰ ਅਪੀਲ ਕੀਤੀ ਕਿ ਰੇਲਵੇ ਅਧਿਕਾਰੀਆਂ ਨੂੰ ਸਮਝਾਇਆ ਜਾਏ ਤਾਂ ਜੋ ਸ਼ਾਂਤਮਈ ਚੱਲ ਰਹੇ ਧਰਨੇ ਵਿਚ ਕੋਈ ਹੋਰ ਵਿਘਣ ਨਾ ਪਵੇ। ਇਸ ਮੋਕੇ ਜ਼ਿਆਦਾਤਰ ਆਗੂਆਂ ਦਾ ਕਹਿਣਾ ਸੀ ਕਿ ਕਿਸਾਨ ਅੰਦੋਲਨਕਾਰੀਆਂ ਵੱਲੋਂ ਪੰਜਾਬ ਬੰਦ ਨੂੰ ਮਿਲ ਰਹੇ ਭਰਪੂਰ ਸਮੱਰਥਨ ਤੋਂ ਕਿਤੇ ਨਾ ਕਿਤੇ ਹਾਕਮ ਧਿਰ ਵਿਚ ਹਿਲਜੁਲ ਤਾਂ ਜਰੂਰ ਹੈ। ਇਹ ਹਾਕਮਾਂ ਦੀ ਪਰੇਸ਼ਾਨੀ ਦਾ ਸਬੱਬ ਹੀ ਹੈ ਜੋ ਬੰਦ ਪਏ ਰੇਲ ਟਰੈਕਾਂ ਦੇ ਜਾਣਬੂਝ ਕੇ ਕਾਂਟੇ ਬਦਲੇ ਜਾ ਰਹੇ ਹਨ।

Posted By: Amita Verma