ਪਰਮਿੰਦਰ ਸਿੰਘ ਥਿੰਦ, ਫਿਰੋਜ਼ਪੁਰ: ਨਵੰਬਰ 2018 ਵਿਚ ਪਿਸਤੌਲ ਦੇ ਜ਼ੋਰ 'ਤੇ ਇਕ ਆਈ-ਟਵੰਟੀ ਕਾਰ, ਪਿਸਤੌਲ ਅਤੇ ਲੈਪਟਾਪ ਆਦਿ ਖੋਹ ਕੇ ਫ਼ਰਾਰ ਹੋਏ ਲੁਟੇਰੇ ਗੁਰਵਿੰਦਰ ਉਰਫ ਗੁਰੀ ਅਤੇ ਜਗਜੀਤ ਜਗਨਾ ਨੂੰ ਜ਼ਿਲ੍ਹਾ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ। ਪੁਲਿਸ ਵੱਲੋਂ ਕੀਤੀ ਪੁੱਛਗਿੱਛ ਵਿਚ ਫੜੇ ਲੁਟੇਰਿਆਂ ਨੇ ਕਈ ਵਾਰਦਾਤਾਂ ਨੂੰ ਅੰਜ਼ਾਮ ਦੇਣ ਦਾ ਇਕਬਾਲ ਕੀਤਾ ਹੈ।

ਪੁਲਿਸ ਵਲੋਂ ਫੜੇ ਗਏ ਲੁਟੇਰਿਆਂ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿਥੋਂ ਮਜੀਦ ਪੁੱਛਗਿੱਛ ਲਈ ਅਦਾਲਤ ਵਲੋਂ ਉਨ੍ਹਾਂ ਨੂੰ ਤਿੰਨ ਦਿਨਾਂ ਪੁਲਿਸ ਰਿਮਾਂਡ 'ਤੇ ਭੇਜਿਆ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲਿਸ ਮੁਖੀ ਸੰਦੀਪ ਗੋਇਲ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਨੂੰ ਉਸ ਵੇਲੇ ਭਾਰੀ ਸਫਲਤਾ ਮਿਲੀ ਜਦੋਂ ਲੁੱਟਾਂ ਖੋਹਾਂ ਕਰਨ ਵਾਲੇ ਗਿਰੋਹ ਦੇ ਸਰਗਨਾ ਗੁਰਵਿੰਦਰ ਸਿੰਘ ਉਰਫ ਗੁਰੀ ਪੁੱਤਰ ਲੱਖਾ ਸਿੰਘ ਵਾਸੀ ਪਿੰਡ ਰੁਕਣ ਸ਼ਾਹ ਵਾਲਾ ਨੂੰ ਕਾਬੂ ਕਰ ਕੇ ਉਸ ਪਾਸੋਂ 270 ਗ੍ਰਾਮ ਹੈਰੋਇਨ ਸਮੇਤ ਇਕ ਚੋਰੀ ਵਾਲੀ ਕਾਰ ਆਲਟੋ ਬਰਾਮਦ ਕੀਤੀ। ਇਸ ਬਰਾਮਦ ਹੈਰੋਇਨ ਅਤੇ ਕਾਰ ਸਬੰਧੀ ਮੁਕੱਦਮਾ ਨੰਬਰ 2114 ਅਪ੍ਰੈਲ 2019 ਅ/ਧ ਐੱਨਡੀਪੀਐੱਸ ਐਕਟ 379, 411 ਤਹਿਤ ਥਾਣਾ ਆਰਿਫ਼ ਕੇ ਵਿਖੇ ਦਰਜ ਰਜਿਸਟਰ ਕੀਤਾ। ਪੁੱਛਗਿੱਛ ਦੌਰਾਨ ਦੋਸ਼ੀ ਦੀ ਨਿਸ਼ਾਨਦੇਹੀ 'ਤੇ ਇਕ ਕਾਰ ਆਈ-20, ਜੋ 15 ਨਵੰਬਰ 2018 ਨੂੰ ਹਥਿਆਰਾਂ ਦੀ ਨੋਕ 'ਤੇ ਪਿੰਡ ਲੋਹਗੜ੍ਹ ਕੋਲੋਂ ਖੋਹੀ ਸੀ, ਬਰਾਮਦ ਕੀਤੀ ਗਈ। ਇਸ ਵਾਰਦਾਤ ਸਮੇਂ ਵਰਤਿਆ ਗਿਆ 315 ਬੋਰ ਦੇਸੀ ਪਿਸਤੌਲ ਵੀ ਬਰਾਮਦ ਕੀਤਾ ਗਿਆ। ਇਸ ਤੋਂ ਇਲਾਵਾ ਇਕ ਹੋਰ ਅਲਟੋ ਕਾਰ ਜੋ ਜ਼ੀਰਾ ਸ਼ਹਿਰ ਤੋਂ ਚੋਰੀ ਕੀਤੀ ਗਈ ਸੀ, ਵੀ ਬਰਾਮਦ ਕੀਤੀ ਗਈ। ਪਿੰਡ ਲੋਹਗੜ੍ਹ ਥਾਣਾ ਕੁੱਲਗੜ੍ਹੀ ਕੋਲੋਂ ਖੋਹ ਕਰਨ ਸਮੇਂ ਦੋਸ਼ੀਆਂ ਵੱਲੋਂ ਜੋ ਵਰਨਾ ਕਾਰ ਵਰਤੀ ਗਈ ਸੀ, ਜਿਸ ਦੀ ਪੁਲਿਸ ਨੂੰ ਕਾਫੀ ਸਮੇਂ ਤੋਂ ਭਾਲ ਸੀ। ਦੋਸ਼ੀ ਜਗਜੀਤ ਸਿੰਘ ਉਰਫ ਜਗਨਾ ਪੁੱਤਰ ਬਲਵਿੰਦਰ ਸਿੰਘ ਵਾਸੀ ਪਿੰਡ ਸੋਢੇ ਵਾਲਾ ਪਾਸੋਂ ਵਰਨਾ ਕਾਰ ਨੰਬਰ ਪੀਬੀ 04-ਏ-0055 ਬਰਾਮਦ ਕਰ ਕੇ ਉਸ ਨੂੰ ਗ੍ਰਿਫ਼ਤਾਰ ਕੀਤਾ। ਗੁਰੀ ਖਿਲਾਫ਼ ਪਹਿਲਾ ਵੀ ਪੰਜਾਬ ਦੇ ਵੱਖ ਵੱਖ ਥਾਣਿਆਂ ਵਿਚ ਲੁੱਟਾਂ ਖੋਹਾਂ ਅਤੇ ਸੰਗੀਨ ਜੁਰਮਾਂ ਦੇ ਮੁਕੱਦਮੇ ਦਰਜ ਹਨ। ਗੁਰੀ ਦਾ ਪਿਤਾ ਵੀ ਦੋਹਰੇ ਕਤਲ 'ਚ ਸਜ਼ਾਯਾਫਤਾ ਹੈ।