ਸੁਖਵਿੰਦਰ ਥਿੰਦ ਆਲਮਸ਼ਾਹ, ਫ਼ਾਜ਼ਿਲਕਾ : ਬੀਐੱਲਓ ਦੀ ਡਿਊਟੀ ਕਰ ਰਹੇ ਅਧਿਆਪਕ ਨੂੰ ਸਮੇਂ ਸਿਰ ਕੰਮ ਨਾ ਕਰਨ 'ਤੇ ਫ਼ਾਜ਼ਿਲਕਾ ਦੇ ਐੱਸਡੀਐੱਮ ਸੁਭਾਸ਼ ਖੱਟਕ ਵੱਲੋਂ ਹਵਾਲਾਤ 'ਚ ਬੰਦ ਕਰ ਕੇ ਕੰਮ ਕਰਵਾਉਣ ਦੀ ਦਿੱਤੀ ਗਈ ਧਮਕੀ ਦੀ ਆਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਹੈ। ਇਸ ਆਡੀਓ 'ਚ ਐੱਸਡੀਐੱਮ ਫ਼ਾਜ਼ਿਲਕਾ ਪਿੰਡ ਚਾਨਣ ਵਾਲਾ ਦੇ ਪ੍ਰਰਾਇਮਰੀ ਸਕੂਲ ਦੇ ਅਧਿਆਪਕ ਰਮੇਸ਼ ਸੁਧਾ ਨੂੰ ਧਮਕੀ ਦਿੰਦੇ ਹੋਏ ਕਹਿ ਰਹੇ ਹਨ, 'ਤੂੰ ਅਜੇ ਤਕ ਕੰਮ ਨਹੀਂ ਕੀਤਾ, ਤੈਨੂੰ ਹਵਾਲਾਤ 'ਚ ਬੰਦ ਕਰ ਕੇ ਉੱਥੋਂ ਕੰਮ ਕਰਵਾਊਂ।' ਅੱਗੋਂ ਬੀਐੱਲਓ ਅਧਿਆਪਕ ਆਪਣਾ ਪੱਖ ਦੱਸਣ ਦੀ ਗੱਲ ਕਹਿ ਰਿਹਾ ਹੈ ਪਰ ਐੱਸਡੀਐੱਮ ਉਸ ਨੂੰ ਲਗਾਤਾਰ ਧਮਕੀਆਂ ਦੇ ਰਿਹਾ ਹੈ। ਆਡੀਓ ਦੀ ਪੁਸ਼ਟੀ ਕਰਦਿਆਂ ਅਧਿਆਪਕ ਰਮੇਸ਼ ਸੁਧਾ ਨੇ ਕਿਹਾ ਕਿ ਉਨ੍ਹਾਂ ਵੱਲੋਂ ਵੋਟਰਾਂ ਦੇ ਪਰਿਵਾਰਾਂ ਦਾ ਸਰਵੇ ਕੀਤਾ ਜਾਣਾ ਸੀ, ਜਿਸ ਦੀ ਆਖਰੀ ਤਰੀਕ 16 ਨਵੰਬਰ ਹੈ ਪਰ ਐੱਸਡੀਐੱਮ ਵੱਲੋਂ ਕੱਲ ਹੀ ਉਨ੍ਹਾਂ ਨੂੰ ਸਰਵੇ ਪੂਰਾ ਕਰਨ ਲਈ ਕਿਹਾ ਗਿਆ ਸੀ।

ਈਟੀਟੀ ਅਧਿਆਪਕ ਯੂਨੀਅਨ ਜ਼ਿਲ੍ਹਾ ਫ਼ਾਜ਼ਿਲਕਾ ਦੇ ਪ੍ਰਧਾਨ ਕੁਲਦੀਪ ਸਿੰਘ ਸੱਭਰਵਾਲ ਨੇ ਕਿਹਾ ਕਿ ਉਹ ਅੱਜ ਐੱਸਡੀਐੱਮ ਕੋਲ ਅਧਿਆਪਕ ਸਾਥੀਆਂ ਨਾਲ ਗਏ ਸਨ ਅਤੇ ਐੱਸਡੀਐੱਮ ਵੱਲੋਂ ਦੁਰਵਿਹਾਰ ਦਾ ਅਹਿਸਾਸ ਕਰਨ 'ਤੇ ਉਨ੍ਹਾਂ ਇਸ ਮਾਮਲੇ ਨੂੰ ਖਤਮ ਕਰ ਦਿੱਤਾ ਹੈ। ਜਦੋਂ ਅਧਿਆਪਕ ਯੂਨੀਅਨ ਦੇ ਪ੍ਰਧਾਨ ਸੱਭਰਵਾਲ ਨੂੰ ਇਹ ਪੁੱਛਿਆ ਗਿਆ ਕਿ ਉਕਤ ਅਧਿਆਪਕ ਵੱਲੋਂ ਐੱਸਡੀਐੱਮ ਕੋਲੋਂ ਮਾਫੀ ਮੰਗੀ ਗਈ ਹੈ ਤਾਂ ਉਨ੍ਹਾਂ ਹੈਰਾਨੀ ਪ੍ਰਗਟਾਉਂਦਿਆਂ ਇਸ ਨੂੰ ਗਲਤ ਦੱਸਿਆ।

ਜਦੋਂ ਇਸ ਸਬੰਧੀ ਦੁਬਾਰਾ ਅਧਿਆਪਕ ਰਮੇਸ਼ ਸੁਧਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਐੱਸਡੀਐੱਮ ਵੱਲੋਂ ਪਛਤਾਵੇ ਦੇ ਰੂਪ ਵਿਚ ਮਾਫੀ ਮੰਗੀ ਗਈ ਹੈ ਪਰ ਉਨ੍ਹਾਂ (ਅਧਿਆਪਕ) ਵੱਲੋਂ ਮਾਫੀ ਮੰਗਣ ਦਾ ਪ੍ਰਚਾਰ ਬਹੁਤ ਹੀ ਗਲਤ ਹੈ।

ਇਸ ਮਾਮਲੇ 'ਚ ਐੱਸਡੀਐੱਮ ਫ਼ਾਜ਼ਿਲਕਾ ਸੁਭਾਸ਼ ਖੱਟਕ ਨੇ ਕਿਹਾ ਕਿ ਅਧਿਆਪਕ ਆਪਣੇ ਸਾਥੀਆਂ ਨਾਲ ਆ ਕੇ ਉਨ੍ਹਾਂ ਕੋਲੋਂ ਮਾਫੀ ਮੰਗ ਗਿਆ ਹੈ।ਹੁਣ ਮਾਮਲਾ ਖ਼ਤਮ ਹੋ ਗਿਆ ਹੈ। ਜਦੋਂ ਉਨ੍ਹਾਂ ਨੂੰ ਧਮਕੀ ਦੇਣ ਬਾਰੇ ਪੁੱਿਛਆ ਗਿਆ ਤਾਂ ਉਨ੍ਹਾਂ ਕਿਹਾ ਕਿ ਕਿਸੇ ਕੋਲੋਂ ਪਿਆਰ ਨਾਲ ਤੇ ਕਿਸੇ ਕੋਲੋਂ ਝਿੜਕ ਕੇ ਕੰਮ ਲਿਆ ਜਾਂਦਾ ਹੈ।