ਸਟਾਫ ਰਿਪੋਰਟਰ, ਫਾਜ਼ਿਲਕਾ : ਸਕੂਲ ਸਿੱਖਿਆ ਮੰਤਰੀ ਪੰਜਾਬ ਵਿਜੈ ਇੰਦਰ ਸਿੰਗਲਾ ਨੇ 'ਅੰਬੈਸਡਰਜ਼ ਆਫ਼ ਹੋਪ' ਮੁਕਾਬਲੇ ਦੇ ਫਾਜ਼ਿਲਕਾ ਜ਼ਿਲ੍ਹੇ ਦੇ ਜੇਤੂਆਂ ਦਾ ਲੁਧਿਆਣਾ ਵਿਖੇ ਕਰਵਾਏ ਇਕ ਵਿਸ਼ੇਸ਼ ਸਮਾਗਮ ਦੌਰਾਨ ਐਪਲ ਆਈਪੈਡ, ਲੈਪਟਾਪ ਅਤੇ ਟੈਬਲੇਟ ਨਾਲ ਸਨਮਾਨ ਕੀਤਾ। ਸਿੰਗਲਾ ਨੇ ਜੇਤੂਆਂ ਨੂੰ ਵਧਾਈ ਦੇਣ ਦੇ ਨਾਲ-ਨਾਲ ਵਿਦਿਆਰਥੀਆਂ ਨੂੰ ਆਪਣੀਆਂ ਸੋਚੀਆਂ ਮੰਜ਼ਿਲਾਂ ਸਰ ਕਰਨ ਲਈ ਭਵਿੱਖ 'ਚ ਵੀ ਹਰ ਸੰਭਵ ਮਦਦ ਦੇਣ ਦਾ ਭਰੋਸਾ ਦਿੱਤਾ। ਜ਼ਿਕਰਯੋਗ ਹੈ ਕਿ ਵਿਸ਼ਵ ਰਿਕਾਰਡ ਸਥਾਪਤ ਕਰਨ ਵਾਲੇ 'ਅੰਬੈਸਡਰਜ਼ ਆਫ਼ ਹੋਪ' ਮੁਕਾਬਲੇ 'ਚ ਫਾਜ਼ਿਲਕਾ ਜ਼ਿਲ੍ਹੇ 'ਚੋਂ 2,089 ਵਿਦਿਆਰਥੀਆਂ ਨੇ ਪਸੰਦੀਦਾ ਵਿਸ਼ੇ 'ਤੇ ਵੀਡਿਓ ਬਣਾ ਕੇ ਆਪਣੀ ਦਾਅਵੇਦਾਰੀ ਪੇਸ਼ ਕੀਤੀ ਸੀ। ਇਨਾਂ 'ਚੋਂ ਦਿੱਲੀ ਪਬਲਿਕ ਵਰਲਡ ਸਕੂਲ ਜਲਾਲਾਬਾਦ 'ਚ ਨੌਵੀਂ ਜਮਾਤ 'ਚ ਪੜ੍ਹਦੇ ਅਰਮਾਨ ਗੁੰਬਰ ਨੇ ਪਹਿਲਾ ਇਨਾਮ ਐਪਲ ਆਈਪੈਡ ਜਿੱਤੀ ਸੀ ਜਦਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਅਬੋਹਰ 'ਚ ਬਾਰਵੀਂ ਜਮਾਤ 'ਚ ਪੜ੍ਹਦੀ ਸ਼ੀਨਮ ਨੇ ਦੂਜਾ ਸਥਾਨ ਹਾਸਲ ਕਰਕੇ ਲੈਪਟੌਪ ਜਿੱਤਿਆ ਸੀ। ਇਸੇ ਤਰ੍ਹਾਂ ਮਾਇਆ ਦੇਵੀ ਮੈਮੋਰੀਅਲ ਆਦਰਸ਼ ਸਕੂਲ, ਕੇਰਾ ਖੇੜਾ 'ਚ 10ਵੀਂ ਜਮਾਤ 'ਚ ਪੜ੍ਹਦੀ ਭੂਮਿਕਾ ਕੰਬੋਜ਼ ਨੇ ਤੀਜੇ ਇਨਾਮ ਵਜੋਂ ਐਂਡਰੌਇਡ ਟੈਬਲੇਟ 'ਤੇ ਕਬਜ਼ਾ ਕੀਤਾ ਸੀ। ਇਨਾਮ ਪ੍ਰਰਾਪਤ ਕਰਨ ਤੋਂ ਬਾਅਦ ਜੇਤੂਆਂ ਨੇ ਵਿਜੈ ਇੰਦਰ ਸਿੰਗਲਾ ਦਾ ਤਾਲਾਬੰਦੀ ਦੌਰਾਨ ਅਜਿਹਾ ਦਿਲਚਸਪ ਆਨਲਾਇਨ ਮੁਕਾਬਲਾ ਕਰਵਾਉਣ ਲਈ ਬੜੀ ਉਤਸੁਕਤਾ ਨਾਲ ਧੰਨਵਾਦ ਕੀਤਾ। ਸਮਾਗਮ ਦੌਰਾਨ ਬੋਲਦਿਆਂ ਵਿਜੈ ਇੰਦਰ ਸਿੰਗਲਾ ਨੇ ਕਿਹਾ ਕਿ ਵਿਸ਼ਵ ਰਿਕਾਰਡ ਸਥਾਪਿਤ ਕਰਨ ਦੇ ਨਾਲ-ਨਾਲ 'ਅੰਬੈਸਡਰਜ਼ ਆਫ਼ ਹੋਪ' ਮੁਹਿੰਮ ਨੇ ਸਕੂਲੀ ਵਿਦਿਆਰਥੀਆਂ ਦੇ ਹੁਨਰ ਤਰਾਸ਼ਣ ਦਾ ਆਪਣਾ ਮੰਤਵ ਸਫ਼ਲਤਾਪੂਰਵਕ ਪੂਰਾ ਕੀਤਾ ਹੈ। ਉਨਾਂ ਦੱਸਿਆ ਕਿ ਸਿਰਫ਼ 8 ਦਿਨਾਂ 'ਚ ਹੀ ਇਸ ਮੁਕਾਬਲੇ ਲਈ 1,05,898 ਸਕੂਲੀ ਵਿਦਿਆਰਥੀਆਂ ਨੇ ਆਪਣੀ ਦਾਅਵੇਦਾਰੀ ਪੇਸ਼ ਕੀਤੀ ਸੀ ਉਨਾਂ ਕਿਹਾ ਕਿ ਇੰਨੀ ਵੱਡੀ ਗਿਣਤੀ 'ਚ ਪ੍ਰਰਾਪਤ ਹੋਈਆਂ ਵੀਡਿਓਜ਼ 'ਚੋਂ ਜੇਤੂਆਂ ਦੀ ਚੋਣ ਕਰਨੀ ਬਹੁਤ ਮੁਸ਼ਕਿਲ ਸੀ ਪਰ ਇਹ ਕੰਮ ਬਹੁਤ ਪਾਰਦਰਸ਼ੀ ਢੰਗ ਨਾਲ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਹਰ ਜ਼ਿਲ੍ਹੇ 'ਚ 3 ਜੇਤੂਆਂ ਨੂੰ ਆਈਪੈਡ, ਲੈਪਟੌਪ ਅਤੇ ਟੈਬਲੇਟ ਦੇਣ ਦੇ ਨਾਲ-ਨਾਲ ਸਾਰੇ 22 ਜ਼ਿਲਿ੍ਹਆਂ 'ਚੋਂ ਹੋਰ ਚੰਗੀਆਂ ਵੀਡਿਓਜ਼ ਭੇਜਣ ਵਾਲੇ ਲਗਭਗ 1,000 ਵਿਦਿਆਰਥੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ ਹੈ।