ਪਰਮਿੰਦਰ ਸਿੰਘ ਥਿੰਦ, ਫਿਰੋਜ਼ਪੁਰ : ਵੱਧ ਰਹੇ ਗੈਂਗਸਟਰਵਾਦ ਨੂੰ ਠੱਲ੍ਹ ਪਾਉਣ ਲਈ ਸੂਬਾਈ ਪੁਲਿਸ ਪੱਬਾਂ ਭਾਰ ਹੋ ਰਹੀ ਹੈ। ਇਸੇ ਸਿਲਸਿਲੇ ਵਿਚ ਜ਼ਿਲ੍ਹਾ ਫਿਰੋਜ਼ਪੁਰ ’ਚ ਬਦਮਾਸ਼ਾਂ ਅਤੇ ਕਾਊਂਟਰ ਇੰਟੈਲੀਜੈਂਸ ਵਿਚਾਲੇ ਹੋਏ ਮੁਕਾਬਲੇ ਤੋਂ ਬਾਅਦ ਦੋ ਬਦਮਾਸ਼ਾਂ ਨੂੰ ਗਿ੍ਫ਼ਤਾਰ ਕਰਦਿਆਂ ਉਨ੍ਹਾਂ ਦੇ ਕਬਜ਼ੇ ’ਚੋਂ ਨਾਜਾਇਜ਼ ਹਥਿਆਰ ਬਰਾਮਦ ਕੀਤੇ ਹਨ।

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਏਆਈਜੀ ਲਖਬੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਨੂੰ ਖ਼ਬਰੀ ਵੱਲੋਂ ਇਤਲਾਹ ਮਿਲੀ ਸੀ ਕਿ ਕੁੱਝ ਬਦਮਾਸ਼ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਹਨ। ਜਦੋਂ ਕਾਊਂਟਰ ਇੰਟੈਲੀਜੈਂਸ ਦੀ ਟੀਮ ਨੇ ਉਕਤ ਬਦਮਾਸ਼ਾਂ ਨੂੰ ਫੜਨ ਲਈ ਮੁੱਦਕੀ ਇਲਾਕੇ 'ਚ ਛਾਪੇਮਾਰੀ ਕੀਤੀ ਤਾਂ ਇਕ ਬਦਮਾਸ਼ ਨੇ ਪੁਲਿਸ ’ਤੇ ਗੋਲੀਆਂ ਚਲਾ ਦਿੱਤੀਆਂ, ਜਿਸ ਤੋਂ ਬਾਅਦ ਪੁਲਸ ਨੇ ਜਵਾਬੀ ਕਾਰਵਾਈ ਮਗਰੋਂ ਗੁਰਸੇਵਕ ਸਿੰਘ ਵਾਸੀ ਬਸਤੀ ਕਿਸ਼ਨ ਸਿੰਘ ਵਾਲੀ ਅਤੇ ਸਤਵਿੰਦਰ ਸਿੰਘ ਉਰਫ ਲੱਡੂ ਵਾਸੀ ਪਿੰਡ ਠੇਠਰਕਲਾਂ ਨੂੰ ਕਾਬੂ ਕਰ ਲਿਆ, ਜਦਕਿ ਉਸ ਦਾ ਸਾਥੀ ਅਵਤਾਰ ਸਿੰਘ ਮੌਕੇ ਤੋਂ ਫ਼ਰਾਰ ਹੋ ਗਏ। ਪੁਲਿਸ ਨੇ ਬਦਮਾਸ਼ਾਂ ਕੋਲੋਂ 315 ਬੋਰ ਦਾ ਇੱਕ ਦੇਸੀ ਪਿਸਤੌਲ ਅਤੇ .45 ਬੋਰ ਦਾ ਇੱਕ ਪਿਸਤੌਲ ਬਰਾਮਦ ਹੋਇਆ ਹੈ।

ਇੰਸਪੈਕਟਰ ਬਲਦੇਵ ਸਿੰਘ ਨੇ ਦੱਸਿਆ ਕਿ ਪੁਲਸ ਦੀ ਕਾਰਵਾਈ ਦੌਰਾਨ ਸਤਵਿੰਦਰ ਸਿੰਘ ਜ਼ਖ਼ਮੀ ਹੋ ਗਿਆ, ਜਿਸ ਨੂੰ ਇਲਾਜ ਲਈ ਸਰਕਾਰੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਉਕਤ ਬਦਮਾਸ਼ਾਂ ਖ਼ਿਲਾਫ਼ ਪਹਿਲਾਂ ਵੀ ਲੁੱਟ-ਖੋਹ ਸਮੇਤ ਹੋਰ ਅਪਰਾਧਿਕ ਮਾਮਲੇ ਦਰਜ ਹਨ।

Posted By: Jagjit Singh