ਪਰਮਿੰਦਰ ਸਿੰਘ ਥਿੰਦ , ਫਿਰੋਜ਼ਪੁਰ : ਲੁਧਿਆਣਾ ਅਤੇ ਰਾਜਸਥਾਨ ਦੇ ਕਥਿਤ ਵਪਾਰੀਆਂ 'ਤੇ ਇਕ ਕਿਲੋ ਹੈਰੋਇਨ ਦਾ ਕੇਸ ਪਾ ਕੇ ਉਨ੍ਹਾਂ ਕੋਲੋਂ 81 ਲੱਖ ਰੁਪਏ ਲੁੱਟਣ ਦੇ ਦੋਸ਼ਾਂ ਵਿਚ ਨਾਮਜ਼ਦ ਅਤੇ ਫਰਾਰ ਚੱਲੇ ਆ ਰਹੇ ਨਾਰਕੋਟਿਕਸ ਕੰਟਰੋਲ ਬਿਊਰੋ ਦੇ ਬਰਖ਼ਾਸਤ ਇੰਸਪੈਕਟਰ ਪਰਮਿੰਦਰ ਸਿੰਘ ਬਾਜਵਾ ਦੇ ਕੇਸ ਵਿੱਚ ਜ਼ਿਲ੍ਹਾ ਪੁਲਿਸ ਨੇ ਕਪੂਰਥਲਾ ਤੋਂ ਔਰਤ ਨੂੰ ਗ੍ਰਿਫ਼ਤਾਰ ਕੀਤਾ ਹੈ। ਹਾਈ ਪ੍ਰੋਫਾਈਲ ਡਰਾਮੇ ਤੋਂ ਬਾਅਦ ਕਾਬੂ ਕੀਤੀ ਗਈ ਉਕਤ ਔਰਤ ਵੱਲੋਂ ਆਪਣੇ ਆਪ ਨੂੰ ਇੰਸਪੈਕਟਰ ਬਾਜਵਾ ਦੀ ਦੂਜੀ ਪਤਨੀ ਦੱਸਿਆ ਜਾ ਰਿਹਾ ਹੈ।

ਥਾਣਾ ਕੁੱਲਗੜ੍ਹੀ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੀ ਗਈ ਉਕਤ ਔਰਤ ਵੱਲੋਂ ਨਾ ਸਿਰਫ਼ ਗ੍ਰਿਫ਼ਤਾਰੀ ਮੌਕੇ ਹੀ ਡਰਾਮਾ ਕੀਤਾ ਗਿਆ ਸਗੋਂ ਥਾਣਾ ਕੁਲਗੜ੍ਹੀ ਵਿਖੇ ਵੀ ਇਕ ਮਹਿਲਾ ਪੁਲਿਸ ਕਰਮਚਾਰੀ ’ਤੇ ਹਮਲਾ ਕਰ ਕੇ ਡਿਊਟੀ ਵਿਚ ਵਿਘਨ ਪਾਉਣ ਦੇ ਦੋਸ਼ ਵਿਚ ਪੁਲਿਸ ਨੇ 353, 186 ਆਈਪੀਸੀ ਤਹਿਤ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਥਾਣਾ ਕੁੱਲਗੜ੍ਹੀ ਦੇ ਏਐੱਸਆਈ ਵਿਨੋਦ ਕੁਮਾਰ ਨੇ ਦੱਸਿਆ ਕਿ ਦੋਸ਼ੀ ਗੁਰਪ੍ਰੀਤ ਕੌਰ ਉਰਫ਼ ਗੋਪੀ ਉਰਫ਼ ਮੋਟੋ ਪੁੱਤਰੀ ਹਰਜਿੰਦਰ ਸਿੰਘ ਵਾਸੀ ਸੰਤਪੁਰਾ ਮੁਹੱਲਾ ਕਪੂਰਥਲਾ ਨੂੰ ਮੁਕੱਦਮਾ ਨੰਬਰ 99 ਮਿਤੀ 1 ਅਗਸਤ 2022 ਅ/ਧ 22 ਐੱਨਡਪੀਐੱਸ ਐਕਟ ਵਾਧਾ ਜੁਰਮ 212ੇ216 ਆਈਪੀਸੀ ਥਾਣਾ ਕੁੱਲਗੜ੍ਹੀ ਬਨਾਮ ਪਰਮਿੰਦਰ ਸਿੰਘ ਬਾਜਵਾ ਵਗੈਰਾ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ । ਦੌਰਾਨੇ ਪੁੱਛਗਿੱਛ ਦੋਸ਼ਣ ਨੇ ਬਾਥਰੂਮ ਜਾਣ ਦੀ ਇੱਛਾ ਜਾਹਰ ਕੀਤੀ, ਜਿਸ 'ਤੇ ਏਐੱਸਆਈ ਗੁਰਕੰਵਲਜੀਤ ਕੌਰ ਇਸ ਨੂੰ ਬਾਥਰੂਮ ਜਾਣ ਲਈ ਲੈ ਕੇ ਗਈ ।

ਵਾਪਸੀ ਸਮੇਂ ਗੁਰਪ੍ਰੀਤ ਕੌਰ ਏਐੱਸਆਈ ਗੁਰਕੰਵਲਜੀਤ ਕੌਰ ਨਾਲ ਮਾੜਾ ਚੰਗਾ ਬੋਲਣ ਲੱਗ ਪਈ ਤੇ ਤੈਸ਼ ਵਿਚ ਆ ਕੇ ਏਐੱਸਆਈ ਗੁਰਕੰਵਲਜੀਤ ਕੌਰ ’ਤੇ ਹਮਲਾ ਕਰ ਦਿੱਤਾ । ਇਸ ਹਮਲੇ ਦੌਰਾਨ ਮਹਿਲਾ ਮੁਲਾਜ਼ਮ ਦੀ ਵਰਦੀ ਦਾ ਖੱਬਾ ਸ਼ੋਲਡਰ ਟੁੱਟ ਗਿਆ ਤੇ ਵਰਦੀ ਦਾ ਸ਼ੋਲਡਰ ਉਸ ਦੇ ਹੱਥ ਵਿਚ ਆ ਗਿਆ। ਪੁਲਿਸ ਨੇ ਦੱਸਿਆ ਕਿ ਉਕਤ ਔਰਤ ਖ਼ਿਲਾਫ਼ ਮਹਿਲਾ ਕਰਮਚਾਰੀ ਤੇ ਹਮਲਾ ਕਰਦਿਆਂ ਡਿਊਟੀ ਵਿਚ ਵਿਘਨ ਪਾਉਣ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ।

- ਕਪੂਰਥਲਾ ਤੋਂ 'ਗੋਪੀ' ਨੂੰ ਫੜਨ ਗਈ ਪੁਲਿਸ ਨਾਲ ਵੀ 'ਮੋਟੋ' ਨੇ ਕੀਤਾ ਸੀ ਡਰਾਮਾ !

ਥਾਣਾ ਕੁੱਲਗੜ੍ਹੀ ਬਨਾਮ ਇੰਸਪੈਕਟਰ ਪਰਮਿੰਦਰ ਸਿੰਘ ਬਾਜਵਾ ਦੇ ਕੇਸ ਵਿੱਚ ਲੋੜੀਂਦੀ ਇਕ ਔਰਤ ਨੂੰ ਕਪੂਰਥਲਾ ਤੋਂ ਫੜਨ ਗਈ ਫਿਰੋਜ਼ਪੁਰ ਪੁਲਿਸ ਨੂੰ ਉਸ ਵੇਲੇ ਵੱਡੇ ਡਰਾਮੇ ਦਾ ਸਾਹਮਣਾ ਕਰਨਾ ਪਿਆ ਜਦੋਂ ਆਪਣੇ ਆਪ ਨੂੰ ਇੰਸਪੈਕਟਰ ਪਰਮਿੰਦਰ ਸਿੰਘ ਬਾਜਵਾ ਦੀ ਦੂਜੀ ਪਤਨੀ ਦੱਸਦੀ ਔਰਤ ਗੁਰਪ੍ਰੀਤ ਕੌਰ ਉਰਫ ਗੋਪੀ ਉਰਫ਼ ਮੋਟੋ ਨੇ ਨਸ਼ੇ ਦੀ ਲੋਰ ਵਿੱਚ ਵੱਡਾ ਡਰਾਮਾ ਕੀਤਾ।

ਇਸ ਦੌਰਾਨ ਉਕਤ ਔਰਤ ਨੂੰ ਗੱਡੀ ਵਿੱਚ ਬਿਠਾਉਣ ਦੀ ਕੋਸ਼ਿਸ਼ ਕਰ ਰਹੀਆਂ ਮਹਿਲਾ ਪੁਲਿਸ ਮੁਲਾਜ਼ਮਾਂ ਤੋਂ ਵੀ ਬੇਕਾਬੂ ਹੋ ਕੇ ਉਹ ਪੁਲੀਸ ਮੁਲਾਜ਼ਮਾਂ ਨੂੰ ਚੰਗਾ ਮੰਦਾ ਬੋਲਦੀ ਵੀ ਵੇਖੀ ਗਈ। ਪੁਲਿਸ ਮੁਲਾਜ਼ਮਾਂ ਦੀ ਮਜਬੂਰੀ ਇਹ ਰਹੀ ਕਿ ਮੌਕੇ 'ਤੇ ਮੌਜੂਦ ਮੀਡੀਆ ਦੇ ਕੈਮਰਿਆਂ ਦੇ ਸਾਹਮਣੇ ਉਹ ਉਕਤ ਔਰਤ ਤੇ ਖ਼ਿਲਾਫ਼ ਬਲ ਦਾ ਪ੍ਰਯੋਗ ਨਹੀਂ ਕਰਨਾ ਚਾਹੁੰਦੇ ਸਨ, ਭਾਵੇਂ ਕਿ ਉਕਤ ਔਰਤ ਬਦਤਮੀਜ਼ੀ ਦੀਆਂ ਸਾਰੀਆਂ ਹੱਦਾਂ ਪਾਰ ਕਰਦੀ ਨਜ਼ਰ ਆਈ।

Posted By: Jaswinder Duhra