ਬਗੀਚਾ ਸਿੰਘ, ਮਮਦੋਟ : ਪੰਜਾਬ 'ਚ ਬਿਜਲੀ ਦੀਆਂ ਲਗਾਤਾਰ ਵਧ ਰਹੀਆਂ ਕੀਮਤਾਂ ਦੇ ਰੋਸ ਦੇ 'ਚ ਆਮ ਆਦਮੀ ਪਾਰਟੀ ਵੱਲੋਂ ਬਿਜਲੀ ਅੰਦੋਲਨ ਦੀ ਸ਼ੁਰੂਆਤ ਕੀਤੀ ਹੈ। ਇਸ ਦੇ ਤਹਿਤ ਹਲਕਾ ਫਿਰੋਜ਼ਪੁਰ ਦਿਹਾਤੀ ਵਿਚ ਨੌਜਵਾਨ ਆਗੂ ਮੋੜਾ ਸਿੰਘ ਅਨਜਾਨ ਵੱਲੋਂ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਬਿਜਲੀ ਦੀਆਂ ਵੱਧ ਰਹੀਆਂ ਕੀਮਤਾਂ ਦੇ ਵਿਰੋਧ ਵਿੱਚ ਜਾਗਰੂਕ ਕੀਤਾ ਜਾ ਰਿਹਾ ਹੈ । ਇਸੇ ਲੜੀ ਦੇ ਤਹਿਤ ਹਲਕਾ ਫਿਰੋਜਪੁਰ ਦਿਹਾਤੀ ਦੇ ਪਿੰਡ ਅਨਾਰ ਕਲੀ ਮੂਸੇ ਆਲਾ, ਚੁਗੱਤੇ ਵਾਲਾ ਵਿਖੇ ਵੱਖ ਵੱਖ ਮੀਟਿੰਗਾਂ ਦੌਰਾਨ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਅਤੇ ਬਿਜਲੀ ਦੇ ਬਿਲ ਸਾੜ ਕੇ ਰੋਸ ਪ੍ਰਦਰਸਨ ਕੀਤਾ ਗਿਆ। ਅਨਜਾਨ ਨੇ ਕਿਹਾ ਪੰਜਾਬ ਦੇ ਲੋਕਾਂ ਨੂੰ ਜਦੋਂ ਤੱਕ ਸਸਤੀ ਬਿਜਲੀ ਨਹੀਂ ਮਿਲ ਜਾਂਦੀ ਉਦੋਂ ਤੱਕ ਆਮ ਆਦਮੀ ਪਾਰਟੀ ਦਾ ਰੋਸ ਪ੍ਰਦਰਸਨ ਜਾਰੀ ਰਹੇਗਾ ਤੇ ਹਲਕਾ ਦਿਹਾਤੀ ਦੇ ਹਰੇਕ ਪਿੰਡ ਅਤੇ ਘਰ-ਘਰ ਜਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ। ਲੋਕਾਂ ਦੇ ਰੋਹ ਅੱਗੇ ਤੇ ਆਮ ਆਦਮੀ ਪਾਰਟੀ ਦੇ ਬਿਜਲੀ ਅੰਦੋਲਨ ਅੱਗੇ ਪੰਜਾਬ ਸਰਕਾਰ ਨੂੰ ਝੁਕਣਾ ਪਏਗਾ ਤੇ ਵਧੀਆਂ ਹੋਈਆਂ ਕੀਮਤਾਂ ਵਾਪਸ ਲੈਣੀਆਂ ਪੈਣਗੀਆਂ। ਇਸ ਮੌਕੇ ਉਨ੍ਹਾਂ ਨਾਲ ਸਰਕਲ ਪ੍ਰਧਾਨ ਪਰਮਜੀਤ ਸਿੰਘ ਜੰਮੂ , ਜਤਿੰਦਰ ਸਿੰਘ ਢੋਟ, ਨਿਸ਼ਾਨ ਸਿੰਘ, ਸੁਖਚੈਨ ਸਿੰਘ ਖਾਈ ਆਦਿ ਮੌਜੂਦ ਸਨ।