v> ਪਰਮਿੰਦਰ ਸਿੰਘ ਥਿੰਦ, ਫਿਰੋਜ਼ਪੁਰ: ਫਿਲਪੀਨ ਦੇ ਸ਼ਹਿਰ ਮਨੀਲਾ ਤੋਂ ਆਪਣੀ ਮਾਂ ਨੂੰ ਮਿਲਣ ਆਏ ਇਕ ਵਿਅਕਤੀ ਦੀ ਥਾਣਾ ਘੱਲਖੁਰਦ ਦੇ ਅਧੀਨ ਆਉਂਦੇ ਕਸਬਾ ਮੁੱਦਕੀ ਵਿਖੇ ਨਸ਼ੀਲੇ ਟੀਕੇ ਦੀ ਓਵਰਡੋਜ਼ ਨਾਲ ਮੌਤ ਹੋਣ ਦੀ ਖਬਰ ਹੈ । ਇਸ ਮਾਮਲੇ ਵਿਚ ਪੁਲਿਸ ਨੇ ਇਕ ਵਿਅਕਤੀ ਖਿਲਾਫ 304 ਆਈਪੀਸੀ ਤਹਿਤ ਮਾਮਲਾ ਦਰਜ ਕਰਦਿਆਂ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਫਿਰੋਜ਼ਪੁਰ ਭੇਜ ਦਿੱਤਾ ਹੈ । ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਕਰਮਜੀਤ ਕੌਰ ਪਤਨੀ ਸੁਖਵੀਰ ਸਿੰਘ ਵਾਸੀ ਵਾਰਡ ਨੰਬਰ 12 ਮੁੱਦਕੀ ਥਾਣਾ ਘੱਲਖੁਰਦ ਜ਼ਿਲ੍ਹਾ ਫਿਰੋਜ਼ਪੁਰ ਨੇ ਦੱਸਿਆ ਕਿ ਉਸ ਦਾ ਲੜਕਾ ਇੰਦਰਜੀਤ ਸਿੰਘ (32) ਜੋ ਮਿਤੀ 3 ਮਾਰਚ 2021 ਨੂੰ ਮਨੀਲਾ ਤੋਂ ਉਸ ਨੂੰ ਮਿਲਣ ਲਈ ਘਰ ਆਇਆ ਸੀ, ਨੂੰ ਦੋਸ਼ੀ ਗਗਨਦੀਪ ਪੁੱਤਰ ਪ੍ਰਸ਼ੋਤਮ ਲਾਲ ਵਾਸੀ ਵਾਰਡ ਨੰਬਰ 9 ਮੁੱਦਕੀ ਮਿਤੀ 5 ਮਾਰਚ 2021 ਨੂੰ ਆਪਣੇ ਨਾਲ ਘਰ ਲੈ ਗਿਆ, ਜਿਸ ਨੇ ਨਸ਼ੇ ਦੇ ਟੀਕੇ ਦੀ ਓਵਰਡੋਜ਼ ਲਗਾ ਦਿੱਤੀ, ਜਿਸ ਨਾਲ ਇੰਦਰਜੀਤ ਸਿੰਘ ਦੀ ਮੌਤ ਹੋ ਗਈ। ਇਸ ਮਾਮਲੇ ਦੀ ਜਾਂਚ ਕਰ ਰਹੇ ਏਐੱਸਆਈ ਕਰਮ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ 'ਤੇ ਉਕਤ ਦੋਸ਼ੀ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।

Posted By: Tejinder Thind