ਪਰਮਿੰਦਰ ਸਿੰਘ ਥਿੰਦ, ਫਿਰੋਜ਼ਪੁਰ: ਪਿੰਡ ਸਸਤੇ ਵਾਲਾ ਵਿਖੇ ਔਰਤ ਵੱਲੋਂ ਬਿਜਲੀ ਚੋਰੀ ਲਈ ਲਾਈ ਗਈ ਕੁੰਢੀ ਕਾਰਨ ਉਕਤ ਔਰਤ ਦੇ ਤਿੰਨ ਸਾਲਾ ਮਾਸੂਮ ਬੱਚੇ ਦੀ ਮੌਤ ਹੋਣ ਦੀ ਖ਼ਬਰ ਹੈ। ਥਾਣਾ ਮੱਲਾਂਵਾਲਾ ਪੁਲਿਸ ਨੇ ਬੱਚੇ ਦੇ ਪਿਤਾ ਦੇ ਬਿਆਨਾਂ 'ਤੇ ਉਕਤ ਔਰਤ ਅਤੇ ਉਸ ਦੇ ਪ੍ਰੇਮੀ ਖ਼ਿਲਾਫ਼ ਗੈਰ ਇਰਾਦਤਨ ਹੱਤਿਆ ਦਾ ਮਾਮਲਾ ਦਰਜ ਕੀਤਾ ਹੈ।

ਪੁਲਿਸ ਥਾਣਾ ਮੱਲਾਂਵਾਲਾ ਨੂੰ ਦਿੱਤੇ ਬਿਆਨ ਵਿਚ ਜਗਸੀਰ ਸਿੰਘ ਉਰਫ਼ ਰੇਸ਼ਮ ਸਿੰਘ ਵਾਸੀ ਪਿੰਡ ਜਨੇਰ ਨੇ ਦੋਸ਼ ਲਗਾਇਆ ਕਿ ਕਰੀਬ ਡੇਢ ਮਹੀਨਾ ਪਹਿਲਾਂ ਉਸ ਦੀ ਪਤਨੀ ਗੁਰਜੀਤ ਕੌਰ ਉਰਫ ਜੋਤੀ 3 ਸਾਲਾਂ ਬੱਚੇ ਅਰੁਣ ਸਮੇਤ ਆਪਣੇ ਪ੍ਰੇਮੀ ਸੂਰਜ ਨਾਲ ਫਰਾਰ ਹੋ ਗਈ ਸੀ। ਉਸ ਨੇ ਜਗਸੀਰ ਸਿੰਘ ਨੇ ਦੋਸ਼ ਲਾਇਆ ਕਿ ਗੁਰਜੀਤ ਨੇ ਬਿਜਲੀ ਚੋਰੀ ਕਰਕੇ ਤਾਰਾਂ ਨੰਗੀਆਂ ਛੱਡੀਆਂ ਹੋਈਆਂ ਸਨ, ਜਿਨ੍ਹਾਂ ਦੀ ਲਾਪਰਵਾਹੀ ਕਾਰਨ ਉਸ ਦੇ ਲੜਕੇ ਅਰੁਣ ਦੀ ਕਰੰਟ ਲੱਗਣ ਕਾਰਨ ਮੌਤ ਹੋ ਗਈ।

ਮਾਮਲੇ ਦੀ ਜਾਂਚ ਕਰ ਰਹੇ ਏਐੱਸਆਈ ਰੇਸ਼ਮ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਜਗਸੀਰ ਸਿੰਘ ਦੇ ਬਿਆਨ 'ਤੇ ਗੁਰਜੀਤ ਕੌਰ ਉਰਫ਼ ਜੋਤੀ ਪਤਨੀ ਜਗਸੀਰ ਸਿੰਘ ਅਤੇ ਸੂਰਜ ਪੁੱਤਰ ਕਾਰਜ ਵਿਰੁੱਧ ਆਈਪੀਸੀ ਦੀ ਧਾਰਾ 304-ਏ, 279, 337, 338, 427 ਤਹਿਤ ਪਰਚਾ ਦਰਜ ਕਰ ਲਿਆ ਗਿਆ ਹੈ। ਪੁਲਿਸ ਵੱਲੋਂ ਗੁਰਜੀਤ ਕੌਰ ਨੂੰ ਗਿ੍ਫਤਾਰ ਕਰ ਲਿਆ ਗਿਆ ਹੈ ਪਰ ਸੂਰਜ ਅਜੇ ਪੁਲਿਸ ਦੀ ਗਿ੍ਫ਼ਤ ਵਿਚੋਂ ਬਾਹਰ ਹੈ।