ਤਜਿੰਦਰ ਸਿੰਘ, ਅਟਾਰੀ : ਭਾਰਤ-ਪਾਕਿਸਤਾਨ ਦਰਮਿਆਨ ਕੈਦੀਆਂ ਦੀ ਰਿਹਾਈ ਨੂੰ ਲੈ ਕੇ ਸਮਝੌਤੇ ਤਹਿਤ ਮੰਗਲਵਾਰ ਭਾਰਤ ਵੱਲੋਂ ਅਟਾਰੀ-ਵਾਹਗਾ ਸਰਹੱਦ ਰਸਤੇ ਪਾਕਿਸਤਾਨ ਦੇ ਤਿੰਨ ਸਿਵਲੀਅਨ ਕੈਦੀ ਤੇ 20 ਮਛੇਰੇ ਸੀਮਾ ਸੁਰੱਖਿਆ ਬਲ ਦੀ 88ਵੀਂ ਬਟਾਲੀਅਨ ਦੇ ਸਹਾਇਕ ਕਮਾਂਡੈਂਟ ਅਨਿਲ ਚੌਹਾਨ ਨੇ ਪਾਕਿਸਤਾਨ ਰੇਂਜਰਜ਼ ਦੇ ਡਿਪਟੀ ਸੁਪਰਡੈਂਟ ਮੁਹੰਮਦ ਫੈਜ਼ਲ ਦੇ ਹਵਾਲੇ ਕੀਤੇ। ਭਾਰਤ ਸਥਿਤ ਵੱਖ-ਵੱਖ ਜੇਲ੍ਹਾਂ ਤੋਂ ਰਿਹਾਅ ਹੋ ਕੇ ਵਤਨ ਪਰਤੇ ਪਾਕਿਸਤਾਨੀ ਸਿਵਲ ਕੈਦੀਆਂ 'ਚ ਕੇਂਦਰੀ ਜੇਲ੍ਹ ਅੰਮਿ੍ਤਸਰ ਤੋਂ 2, ਲੁਧਿਆਣਾ ਜੇਲ੍ਹ ਤੋਂ 1 ਤੇ ਭੁੱਜ ਜੇਲ੍ਹ ਗੁਜਰਾਤ ਤੋਂ 20 ਮਛੇਰੇ ਸ਼ਾਮਲ ਸਨ। ਅੰਮਿ੍ਤਸਰ ਜੇਲ੍ਹ ਤੋਂ ਰਿਹਾਅ ਹੋਏ ਮਹੁੰਮਦ ਫੈਜ਼ਲ ਪੁੱਤਰ ਫੈਜ਼ਲ-ਈ-ਸੁਬਾਹਨ ਤੇ ਸ਼ਹਿਨਸ਼ਾਹ ਪੁੱਤਰ ਫੈਜ਼ਲ-ਈ-ਹਮੀਦ ਨੇ ਦੱਸਿਆ ਕਿ ਉਹ ਦੋਵੇਂ 2015 ਵਿਚ ਨਸ਼ੀਲੇ ਪਦਾਰਥ ਸਮੇਤ ਫੜੇ ਗਏ ਸਨ, ਜਿਸ 'ਤੇ ਅਦਾਲਤ ਨੇ ਉਨ੍ਹਾਂ ਨੂੰ 5-5 ਸਾਲ ਦੀ ਸਜ਼ਾ ਦਿੱਤੀ, ਜੋ ਉਨ੍ਹਾਂ ਅੰਮਿ੍ਤਸਰ ਦੀ ਕੇਂਦਰੀ ਜੇਲ੍ਹ 'ਚ ਗੁਜ਼ਾਰੀ ਹੈ। ਇਸੇ ਤਰ੍ਹਾਂ ਲੁਧਿਆਣਾ ਜੇਲ੍ਹ ਤੋਂ ਰਿਹਾਅ ਹੋ ਕੇ ਵਤਨ ਪਰਤੇ ਨਸੀਬ ਉਲਾ ਪੁੱਤਰ ਮੁਹੰਮਦ ਅਸੀਮ 2005 ਵਿਚ ਨਸ਼ੀਲਾ ਪਦਾਰਥ ਸਮੇਤ ਫੜਿਆ ਗਿਆ ਸੀ, ਜੋ ਅਦਾਲਤ ਵੱਲੋਂ ਮਿਲੀ ਸਜ਼ਾ ਪੂਰੀ ਕਰਨ ਉਪਰੰਤ ਰਿਹਾਅ ਹੋ ਕੇ ਵਤਨ ਪਰਤਿਆ ਹੈ। ਗੁਜਰਾਤ ਦੀ ਭੁੱਜ ਜੇਲ੍ਹ ਤੋਂ ਰਿਹਾਅ ਹੋਏ ਮਛੇਰੇ ਮੁਸਤਫਾ, ਮੁਲਾਮ, ਮਨਜ਼ੂਰ ਤੇ ਪ੍ਰਵੇਜ਼ ਨੇ ਜਾਣਕਾਰੀ ਦਿੱਤੀ ਕਿ 2016 'ਚ ਸਮੁੰਦਰ 'ਚ ਮੱਛੀਆਂ ਫੜਦੇ ਸਮੇਂ ਭਾਰਤੀ ਖੇਤਰ ਦੇ ਪਾਣੀਆਂ ਵਿਚ ਦਾਖ਼ਲ ਹੋਣ ਦੇ ਦੋਸ਼ ਅਧੀਨ ਉਨ੍ਹਾਂ ਨੂੰ ਭਾਰਤੀ ਜਲ ਸੈਨਾ ਵੱਲੋਂ ਗਿ੍ਫ਼ਤਾਰ ਕੀਤਾ ਗਿਆ ਸੀ। ਉਹ ਚਾਰ ਸਾਲਾਂ ਦੀ ਕੈਦ ਭੁਗਤਣ ਤੋਂ ਬਾਅਦ ਰਿਹਾਅ ਹੋ ਕੇ ਵਤਨ ਪਰਤ ਰਹੇ ਹਨ, ਜਿਸ 'ਤੇ ਉਹ ਬਹੁਤ ਖੁਸ਼ੀ ਮਹਿਸੂਸ ਕਰ ਰਹੇ ਹਨ।