ਤੀਰਥ ਸਨੇਰ ,ਜ਼ੀਰਾ (ਫਿਰੋਜ਼ਪੁਰ ) : ਜ਼ਿਲ੍ਹੇ ਵਿਚ ਲੁੱਟ ਖੋਹ ਕਤਲੋ ਗਾਰਤ ਦੀਆਂ ਵਾਰਦਾਤਾਂ ਰੁਕਣ ਦਾ ਨਾਂ ਹੀ ਨਹੀਂ ਲੈ ਰਹੀਆਂ ਹਨ । ਅਜਿਹੀ ਹੀ ਇਕ ਵਾਰਦਾਤ ਨੂੰ ਅੰਜਾਮ ਦਿੰਦਿਆਂ ਮੋਟਰਸਾਈਕਲ ਸਵਾਰ ਨਕਾਬਪੋਸ਼ ਲੁਟੇਰਿਆਂ ਨੇ ਜ਼ੀਰਾ ਬੱਸ ਅੱਡੇ ਦੇ ਕੋਲ ਵੇਸਣ ਦੇ ਇਕ ਵਪਾਰੀ ਤੋਂ 7ਲੱਖ ਰੁਪਏ ਤੋਂ ਵੱਧ ਦੀ ਨਕਦੀ ਖੋਹ ਲਈ ਤੇ ਫ਼ਰਾਰ ਹੋ ਗਏ ।

ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਲੁੱਟ ਦਾ ਸ਼ਿਕਾਰ ਹੋਏ ਕੋਟਕਪੂਰਾ ਨਿਵਾਸੀ ਗੋਪਾਲ ਸ਼ਰਮਾ ਪੁੱਤਰ ਸ਼ਾਮ ਲਾਲ ਨੇ ਦੱਸਿਆ ਕਿ ਉਹ ਵੇਸਣ ਦਾ ਵਪਾਰ ਕਰਦਾ ਹੈ ਅਤੇ ਅੱਜ ਜ਼ੀਰਾ ਤੋਂ ਤਲਵੰਡੀ ਵਿਖੇ ਸਾਮਾਨ ਦੇ ਦੁਕਾਨਦਾਰਾਂ ਤੋਂ ਪੈਸੇ ਲੈਣ ਆਇਆ ਸੀ ਅਤੇ 7 ਲੱਖ 20 ਹਜ਼ਾਰ ਰੁਪਏ ਦੀ ਉਗਰਾਹੀ ਕਰਨ ਉਪਰੰਤ ਜਦ ਉਹ ਦੇਰ ਸ਼ਾਮ ਕੋਟਕਪੂਰਾ ਨੂੰ ਵਾਪਸ ਜਾਣ ਲਈ ਜ਼ੀਰਾ ਦੇ ਬੱਸ ਸਟੈਂਡ ਕੋਲ ਪਹੁੰਚਿਆ ਅਤੇ ਬੱਸ ਬੈਠਣ ਲੱਗਾ ਤਾਂ ਅਚਾਨਕ ਮੋਟਰਸਾਈਕਲ ਸਵਾਰ 2 ਨਕਾਬਪੋਸ਼ ਲੁਟੇਰਿਆਂ ਨੇ ਪੈਸਿਆਂ ਦਾ ਭਰਿਆ ਬੈਗ ਉਸ ਕੋਲੋਂ ਖੋਹ ਲਿਆ ਅਤੇ ਮੋਟਰਸਾਈਕਲ ਤੇ ਚੜ੍ਹ ਕੇ ਫ਼ਰਾਰ ਹੋ ਗਏ।

ਇਸ ਸਬੰਧੀ ਸੂਚਨਾ ਮਿਲਣ ਤੇ ਰਤਨ ਸਿੰਘ ਬਰਾਡ਼ ਐੱਸ ਪੀ ਡੀ ਫਿਰੋਜ਼ਪੁਰ ,ਰਾਜਵਰਿੰਦਰ ਸਿੰਘ ਰੰਧਾਵਾ ਡੀ ਐੱਸ ਪੀ ਜ਼ੀਰਾ ,ਮੋਹਿਤ ਧਵਨ ਐੱਸ ਐੱਚ ਓ ਥਾਣਾ ਸਿਟੀ ਜ਼ੀਰਾ ਅਤੇ ਪ੍ਰਿਤਪਾਲ ਸਿੰਘ ਸਬ ਇੰਸਪੈਕਟਰ ਸਮੇਤ ਪੁਲੀਸ ਪਾਰਟੀ ਘਟਨਾਵਾਂ ਉਸ ਸਥਾਨ ਤੇ ਪੁੱਜੀ ਅਤੇ ਘਟਨਾ ਸਥਾਨ ਦਾ ਜਾਇਜ਼ਾ ਲੈਣ ਉਪਰੰਤ ਬੱਸ ਸਟੈਂਡ ਅਤੇ ਨੇਡ਼ੇ ਲੱਗੇ ਸੀ ਸੀ ਟੀ ਵੀ ਕੈਮਰਿਆਂ ਦੀ ਫੁਟੇਜ ਖੰਘਾਲਦਿਆਂ ਘਟਨਾ ਦੀ ਬਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ ।

Posted By: Jagjit Singh