ਸੁਖਵਿੰਦਰ ਥਿੰਦ ਆਲਮਸ਼ਾਹ, ਫਾਜ਼ਿਲਕਾ : ਫਾਜ਼ਿਲਕਾ ਪੁਲਿਸ ਨੇ 7 ਕਿੱਲੋ 188 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ, ਜਿਸ ਦੀ ਕੀਮਤ ਤਕਰੀਬਨ 35 ਕਰੋੜ ਬਣਦੀ ਹੈ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲਿਸ ਮੁਖੀ ਭੁਪਿੰਦਰ ਸਿੰਘ ਨੇ ਦੱਸਿਆ ਕਿ ਖ਼ਾਸ ਮੁਖ਼ਬਰ ਨੇ ਸੂਚਨਾ ਦਿੱਤੀ ਕਿ ਪੰਜਾਬ ਦੇ ਵੱਡੇ ਸਮੱਗਲਰਾਂ ਦੇ ਸਬੰਧ ਸਰਹੱਦੋਂ ਪਾਰ ਪਾਕਿਸਤਾਨ ਵਿਚ ਬੈਠੇ ਹੈਰੋਇਨ ਸਮੱਗਲਰਾਂ ਨਾਲ ਹਨ। ਇਹ ਸਮੱਗਲਰ ਭਾਰਤੀ ਖੇਤਰ ਵਿਚ ਹਿੰਦ- ਪਾਕਿ ਹੱਦ ਰਕਬਾ ਗੁਲਾਬਾ ਭੈਣੀ ਰਾਹੀ ਪੰਜਾਬ ਵਿਚ ਹੈਰੋਇਨ ਦੀ ਵੱਡੀ ਖੇਪ ਭੇਜਣ ਦੀ ਤਾਕ ਵਿਚ ਸਨ। ਇਸ ਸੂਚਨਾ 'ਤੇ ਸਖ਼ਤੀ ਨਾਲ ਕਾਰਵਾਈ ਕਰਦਿਆਂ ਜ਼ਿਲ੍ਹਾ ਪੁਲਿਸ ਮੁਖੀ ਨੇ ਸਪੈਸ਼ਲ ਟੀਮ ਦਾ ਗਠਨ ਕੀਤਾ ਤੇ ਪਿਲਰ ਵਾਲੇ ਪਾਸਿਓਂ 242/10 ਨਜ਼ਦੀਕ ਤੋਂ ਪਾਰ ਵਾਲੇ ਪਾਸਿਓਂ ਸ਼ੱਕੀ ਇਲਾਕੇ 'ਚ ਤਲਾਸ਼ੀ ਮੁਹਿੰਮ ਚਲਾਉਣ 'ਤੇ ਸਮੱਲਗਰਾਂ ਵੱਲੋਂ ਲੁਕਾਈ ਹੋਈ 2 ਕਿੱਲੋ 678 ਗ੍ਰਾਮ ਹੈਰੋਇਨ ਬਰਾਮਦ ਕੀਤੀ। ਤਫ਼ਤੀਸ਼ ਕਰਨ 'ਤੇ ਪਤਾ ਲੱਗਿਆ ਕਿ ਇਹ ਹੈਰੋਇਨ ਸਮੱਗਲਰ ਮਹਿਲ ਸਿੰਘ ਵਾਸੀ ਮੀਨਿਆ ਵਾਲਾ ਵੱਲੋਂ ਮੰਗਵਾਈ ਗਈ ਸੀ। ਇਸੇ ਲੜੀ ਵਿਚ ਸੀਆਈਏ ਸਟਾਫ ਫਾਜ਼ਿਲਕਾ ਦੀ ਟੀਮ ਨੇ 8 ਅਕਤੂੁਬਰ ਨੂੰ ਿਲੰਕ ਰੋਡ ਰਾਣਾ ਤੋਂ ਮਹਿਲ ਸਿੰਘ ਦੇ ਕਰੀਬੀ ਸਤਨਾਮ ਸਿੰਘ ਵਾਸੀ ਚੱਕ ਮਹੰਤਾ ਵਾਲਾ ਨੂੰ ਕਾਬੂ ਕਰ ਕੇ ਪੁਲਿਸ ਨੇ ਉਸ ਕੋਲੋ 260 ਗ੍ਰਾਮ ਹੈਰੋਇਨ ਬਰਾਮਦ ਕੀਤੀ ਤੇ ਸਤਨਾਮ ਸਿੰਘ ਨੂੰ ਗਿ੍ਫ਼ਤਾਰ ਕਰ ਕੇ ਅਦਾਲਤ ਤੋਂ 4 ਦਿਨਾਂ ਦਾ ਰਿਮਾਂਡ ਹਾਸਲ ਕੀਤਾ ਹੈ। ਰਿਮਾਂਡ ਦੌਰਾਨ ਮੁਲਜ਼ਮ ਨੇ ਮੰਨਿਆ ਕਿ ਉਸ ਦੇ ਸਾਥੀ ਮਹਿਲ ਸਿੰਘ ਵੱਲੋਂ ਪਾਕਿਸਤਾਨ ਤੋਂ ਮੰਗਵਾਈ ਹੈਰੋਇਨ ਵੀ ਝੋਨੇ ਦੇ ਖੇਤ 'ਚ ਪਈ ਹੈ। ਪੁਲਿਸ ਪਾਰਟੀ ਨੇ ਬੀਐੱਸਐੱਫ ਨੂੰ ਨਾਲ ਲੈ ਕੇ ਪਿੱਲਰ ਨੰਬਰ 179 ਐੱਮ ਤੋਂ 4 ਕਿੱਲੋ 250 ਗ੍ਰਾਮ ਹੈਰੋਇਨ ਹੋਰ ਬਰਾਮਦ ਕੀਤੀ ਹੈ , ਜੋ ਮਹਿਲ ਸਿੰਘ ਨੇ ਪਾਕਿਸਤਾਨ ਵਾਲੇ ਪਾਸਿਓਂ ਸਰਹੱਦ ਪਾਸ ਕਰਵਾ ਕੇ ਰਖਵਾਈ ਗਈ ਸੀ। ਬਰਾਮਦ ਕੀਤੀ ਹੋਈ ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ 'ਚ ਕੀਮਤ 35 ਕਰੋੜ ਰੁਪਏ ਹੈ। ਸਤਨਾਮ ਸਿੰਘ ਖ਼ਿਲਾਫ਼ 2008 'ਚ ਇਰਾਦਾ ਕਤਲ ਦਾ ਮਾਮਲਾ ਦਰਜ ਹੋਇਆ ਤੇ ਪੰਜ ਮਹੀਨੇ ਤਕ ਜੇਲ੍ਹ ਵਿਚ ਰਿਹਾ ਸੀ। ਜੇਲ੍ਹ ਵਿਚ ਹੀ ਮਹਿਲ ਸਿੰਘ ਤੇ ਸਤਨਾਮ ਸਿੰਘ ਦੀ ਜਾਣ- ਪਛਾਣ ਹੋਈ । ਜੇਲ੍ਹ ਵਿਚ ਇਨ੍ਹਾਂ ਦੋਵਾਂ ਨੇ ਪਾਕਿਸਤਾਨ ਤੋਂ ਹੈਰੋਇਨ ਮੰਗਵਾਉਣ ਲਈ ਯੋਜਨਾ ਬਣਾਈ । ਮਹਿਲ ਸਿੰਘ ਦਾ ਪੁੱਤਰ ਹਾਲੇ ਵੀ ਹੈਰੋਇਨ ਦੇ ਕੇਸ ਵਿਚ 20 ਸਾਲ ਦੀ ਸਜ਼ਾ ਕੱਟ ਰਿਹਾ ਹੈ। ਸਤਨਾਮ ਸਿੰਘ ਤੇ ਮਹਿਲ ਸਿੰਘ ਖ਼ਿਲਾਫ਼ ਐੱਨਡੀਪੀਐੱਸ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ ਜਦਕਿ ਮਹਿਲ ਸਿੰਘ ਦੀ ਗਿ੍ਫ਼ਤਾਰੀ ਹਾਲੇ ਬਾਕੀ ਹੈ। ਪੁਲਿਸ ਵੱਲੋਂ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ ਤੇ ਜਲਦ ਹੀ ਉਸ ਨੂੰ ਵੀ ਗਿ੍ਫ਼ਤਾਰ ਕਰ ਲਿਆ ਜਾਵੇਗਾ।