ਸਟਾਫ ਰਿਪੋਰਟਰ, ਫਿਰੋਜ਼ਪੁਰ: ਪਿੰਡ ਮਰਖਾਈ ਕੋਲ ਬੀਤੀ ਸ਼ਾਮ ਵਾਪਰੇ ਸੜਕ ਹਾਦਸੇ ਵਿਚ ਦੋ ਨੌਜਵਾਨਾਂ ਦੀ ਮੌਤ ਹੋ ਜਾਣ ਦੀ ਖ਼ਬਰ ਹੈ। ਇਸ ਸਬੰਧ ਵਿਚ ਮੱਲਾਂਵਾਲਾ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਸ਼ਮਸ਼ੇਰ ਸਿੰਘ ਉਰਫ਼ ਰੋਹਿਤ ਪੁੱਤਰ ਗੁਰਦੇਵ ਸਿੰਘ ਵਾਸੀ ਜ਼ੀਰਾ ਨੇ ਦੋਸ਼ ਲਗਾਇਆ ਕਿ ਉਸ ਦਾ ਭਰਾ ਦਲੇਰ ਸਿੰਘ ਆਪਣੇ ਸਾਥੀ ਸੰਦੀਪ ਸਿੰਘ ਅਤੇ ਸੰਤੂ ਬੀਤੇ ਦਿਨ ਮੋਟਰਸਾਈਕਲ 'ਤੇ ਆ ਰਹੇ ਸਨ।

ਦੋ ਟਰੱਕ ਡਰਾਈਵਰਾਂ ਨੇ ਇਕ ਦੂਜੇ ਨੂੰ ਓਵਰਟੇਕ ਕਰ ਕੇ ਲਾਪਰਵਾਹੀ ਨਾਲ ਇਕਦਮ ਬ੍ਰੇਕਾਂ ਮਾਰ ਦਿੱਤੀਆਂ, ਜਿਸ ਨਾਲ ਦਲੇਰ ਸਿੰਘ ਸਮੇਤ ਸਾਥੀਆਂ ਦਾ ਮੋਟਰਸਾਈਕਲ ਟਰੱਕ ਵਿਚ ਵੱਜਿਆ। ਇਸ ਟੱਕਰ ਵਿਚ ਦਲੇਰ ਸਿੰਘ ਦੀ ਮੌਕੇ 'ਤੇ ਮੌਤ ਹੋ ਗਈ ਜਦਕਿ ਸੰਦੀਪ ਸਿੰਘ ਦੀ ਜ਼ੇਰੇ ਇਲਾਜ ਮੌਤ ਹੋ ਗਈ। ਸੰਤੂ ਦਾ ਇਲਾਜ ਚੱਲ ਰਿਹਾ ਹੈ। ਜਾਂਚ ਅਧਿਕਾਰੀ ਸਬ ਇੰਸਪੈਕਟਰ ਜਤਿੰਦਰ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਸ਼ਮਸ਼ੇਰ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਅਣਪਛਾਤੇ ਟਰੱਕ ਡਰਾਈਵਰਾਂ ਦੇ ਵਿਰੁੱਧ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।