ਫਿਰੋਜ਼ਪੁਰ : ਕੇਂਦਰੀ ਜੇਲ੍ਹ ਫਿਰੋਜ਼ਪੁਰ ਵਿਚ ਬੰਦ 2 ਗੈਂਗਸਟਰਾਂ ਤੋਂ ਦੋ ਮੋਬਾਈਲ ਫੋਨ ਬਰਾਮਦ ਹੋਣ ਦੀ ਸੂਚਨਾ ਪ੍ਰਾਪਤ ਹੋਈ ਹੈ। ਇਸ ਸਬੰਧ ਵਿਚ ਸਿਟੀ ਫਿਰੋਜ਼ਪੁਰ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ।

ਜਾਣਕਾਰੀ ਦਿੰਦੇ ਹੋਏ ਕੇਂਦਰੀ ਜੇਲ੍ਹ ਫਿਰੋਜ਼ਪੁਰ ਦੇ ਸਹਾਇਕ ਸੁਪਰਡੈਂਟ ਹਰਜਿੰਦਰ ਕੁਮਾਰ ਨੇ ਦੱਸਿਆ ਕਿ ਬੀਤੇ ਦਿਨ ਵਾਰਡ ਨੰਬਰ 2 ਦੀ ਤਲਾਸ਼ੀ ਲੈਣ ਮਗਰੋਂ ਚੱਕੀ ਨੰਬਰ 20 ਅੰਦਰ ਬੰਦ ਗੈਂਗਸਟਰ ਹਵਾਲਾਤੀ ਜੁਗਰਾਜ ਸਿੰਘ ਤੇ ਗੈਂਗਸਟਰ ਹਵਾਲਾਤੀ ਭੁਪਿੰਦਰ ਸਿੰਘ ਸੋਨੂੰ ਕੰਗਲਾ ਦੇ ਬਿਸਤਰੇ ਦੇ ਸਿਰਹਾਣੇ ਵਾਲੇ ਪਾਸਿਓ 2 ਮੋਬਾਈਲ ਫੋਨ ਸਮੇਤ ਬੈਟਰੀਆਂ ਅਤੇ ਸਿਮ ਕਾਰਡ ਬਰਾਮਦ ਹੋਏ ਹਨ ਅਤੇ ਚੱਕੀ ਅੰਦਰ ਬਣੀ ਫਲੱਸ਼ ਵਾਲੇ ਪਾਸਿਓ ਚਾਰਜਰ ਬਰਾਮਦ ਹੋਇਆ ਹੈ।

ਉਨ੍ਹਾਂ ਦੱਸਿਆ ਕਿ ਉਕਤ ਗੈਂਗਸਟਰਾਂ ਵਿਰੁੱਧ ਪੁਲਿਸ ਕਾਰਵਾਈ ਲਈ ਥਾਣਾ ਸਿਟੀ ਫਿਰੋਜ਼ਪੁਰ ਨੂੰ ਲਿਖਤੀ ਪੱਤਰ 711 ਰਾਹੀਂ ਸੂਚਿਤ ਕਰ ਦਿੱਤਾ ਗਿਆ ਹੈ। ਮਾਮਲੇ ਦੀ ਜਾਂਚ ਕਰ ਰਹੇ ਏਐਸਆਈ ਤਰਲੋਕ ਸਿੰਘ ਨੇ ਦੱਸਿਆ ਕਿ ਕੇਂਦਰੀ ਜੇਲ੍ਹ ਫਿਰੋਜ਼ਪੁਰ ਦੇ ਸਹਾਇਕ ਸੁਪਰਡੈਂਟ ਹਰਜਿੰਦਰ ਕੁਮਾਰ ਵੱਲੋਂ ਭੇਜੀ ਗਈ ਸ਼ਿਕਾਇਤ ਦੇ ਅਧਾਰ 'ਤੇ ਗੈਂਗਸਟਰ ਹਵਾਲਾਤੀ ਜੁਗਰਾਜ ਸਿੰਘ ਪੁੱਤਰ ਹਰਭਿੰਦਰ ਵਾਸੀ ਛਾਪਿਆਂਵਾਲੀ ਥਾਣਾ ਬਿਆਸੀ ਜ਼ਿਲ੍ਹਾ ਅਮਿ੍ਤਸਰ ਸਾਹਿਬ, ਗੈਂਗਸਟਰ ਹਵਾਲਾਤੀ ਭੁਪਿੰਦਰ ਸਿੰਘ ਸੋਨੂੰ ਕੰਗਲਾ ਪੁੱਤਰ ਬਲਕਾਰ ਸਿੰਘ ਵਾਸੀ ਸ਼੍ਰੀ ਅਮਿ੍ਤਸਰ ਸਾਹਿਬ (ਦਿਹਾਤੀ) ਦੇ ਖਿਲਾਫ 52-ਏ ਬੰਦ ਐਕਟ ਤਹਿਤ ਮਾਮਲਾ ਦਰਜ ਕਰ ਕੇ ਕਾਰਵਾਈ ਅਰੰਭ ਕਰ ਦਿੱਤੀ ਗਈ ਹੈ।