ਐੱਮ ਆਰ ਦਾਸ ਮੈਮੋਰੀਅਲ ਕ੍ਰਿਕਟ ਚੈਂਪੀਅਨਸ਼ਿਪ ਵਿਚ ਵਿਸਡਮ ਵਾਰੀਅਰਜ਼ ਨੇ ਜਸਟਿਸ ਜੌਗਵਾਰ ਨੂੰ 45 ਦੌੜਾਂ ਨਾਲ ਹਰਾਇਆ

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਫਿਰੋਜ਼ਪੁਰ : ਡੀਸੀਐੱਮ ਗਰੁੱਪ ਆਫ ਸਕੂਲਜ਼ ਵੱਲੋਂ ਐੱਮ.ਆਰ. ਦਾਸ ਮੈਮੋਰੀਅਲ ਕ੍ਰਿਕਟ ਚੈਂਪੀਅਨਸ਼ਿਪ ਦੇ ਸੀਜ਼ਨ 4.0 ਦਾ ਸ਼ਾਨਦਾਰ ਆਗਾਜ਼ ਡੀਸੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਵਿਚ ਕੀਤਾ ਗਿਆ। ਚੈਂਪੀਅਨਸ਼ਿਪ ਦੇ ਸ਼ੁਭ-ਆਰੰਭ ’ਤੇ ਡੀਸੀਐੱਮ ਸਮੂਹ ਦੇ ਸੀਈਓ ਡਾ. ਅਨਿਰੁਧ ਗੁਪਤਾ ਨੇ ਮੁੱਖ ਮਹਿਮਾਨ ਵਜੋਂ ਹਿੱਸਾ ਲਿਆ, ਜਦਕਿ ਸਕੂਲ ਦੇ ਸੀਨੀਅਰ ਡਾਇਰੈਕਟਰ ਰਿਟਾਇਰਡ ਬ੍ਰਿਗੇਡੀਅਰ ਨਵਦੀਪ ਮਾਥੁਰ, ਖੇਡ ਵਿਭਾਗ ਦੇ ਸਾਬਕਾ ਡਿਪਟੀ ਡਾਇਰੈਕਟਰ ਸੁਨੀਲ ਸ਼ਰਮਾ, ਸਤਲੁਜ ਪ੍ਰੈੱਸ ਕਲੱਬ ਦੇ ਪ੍ਰਧਾਨ ਗੁਰਨਾਮ ਸਿੰਘ ਗਾਮਾ, ਪ੍ਰੈੱਸ ਕਲੱਬ ਫਿਰੋਜ਼ਪੁਰ ਦੇ ਪ੍ਰਧਾਨ ਮਨਦੀਪ ਕੁਮਾਰ ਮੋਂਟੀ, ਸਿਵਲ ਡਿਫੈਂਸ ਦੇ ਚੀਫ ਵਾਰਡਨ ਪਰਮਿੰਦਰ ਥਿੰਦ, ਵਿਜੇ ਸ਼ਰਮਾ, ਗੌਰਵ ਮਾਨਿਕ, ਜਗਦੀਸ਼ ਕੁਮਾਰ, ਸਕੂਲ ਪ੍ਰਬੰਧਕੀ ਕਮੇਟੀ ਦੇ ਮੈਂਬਰ ਰਾਜੇਸ਼ ਵਰਮਾ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਖਿਡਾਰੀਆਂ ਵੱਲੋਂ ਮਾਰਚ ਪਾਸਟ ਕੀਤਾ ਗਿਆ ਅਤੇ ਡਾ. ਅਨਿਰੁੱਧ ਗੁਪਤਾ ਨੇ ਝੰਡਾ ਲਹਿਰਾ ਕੇ ਮਾਰਚ ਪਾਸਟ ਨੂੰ ਸਲਾਮੀ ਦਿੱਤੀ। ਇਸ ਦੌਰਾਨ ਮਹਿਮਾਨਾਂ ਵੱਲੋਂ ਗੁਬਾਰੇ ਛੱਡ ਕੇ ਮੈਚ ਸ਼ੁਰੂ ਕਰਵਾਇਆ ਗਿਆ। ਡਾਇਰੈਕਟਰ ਮਨਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਡੀਸੀਐੱਮ ਗਰੁੱਪ ਵੱਲੋਂ ਵੱਖ-ਵੱਖ ਖੇਤਰਾਂ ਵਿਚ ਅਨੇਕਾਂ ਸ਼ਲਾਘਾਯੋਗ ਕਾਰਜ ਕੀਤੇ ਜਾ ਰਹੇ ਹਨ। ਖੇਡਾਂ ਦੇ ਖੇਤਰ ਵਿਚ ਵਿਸ਼ੇਸ਼ ਕਦਮ ਚੁੱਕਦੇ ਹੋਏ ਸਮੂਹ ਵੱਲੋਂ 7 ਦਸੰਬਰ ਤੋਂ 28 ਦਸੰਬਰ ਤੱਕ ਕ੍ਰਿਕਟ ਚੈਂਪੀਅਨਸ਼ਿਪ ਕਰਵਾਈ ਜਾ ਰਹੀ ਹੈ ਅਤੇ ਇਸ ਵਿਚ ਸ਼ਹਿਰ ਦੀਆਂ ਵੱਖ-ਵੱਖ ਐੱਨਜੀਓ, ਸਰਕਾਰੀ ਦਫਤਰਾਂ ਦੀਆਂ 6 ਟੀਮਾਂ ਹਿੱਸਾ ਲੈਣਗੀਆਂ। ਉਨ੍ਹਾਂ ਕਿਹਾ ਕਿ ਕ੍ਰਿਕਟ ਚੈਂਪੀਅਨਸ਼ਿਪ ਵਿਚ ਡੀਸੀਐੱਮ ਐਲੂਮਨੀ ਟਾਈਗਰਜ਼, ਜਸਟਿਸ ਜੌਗਵਰਜ਼, ਆਈਐੱਮਏ ਫੈਲਕੋਨਸ, ਏਐੱਫ ਈਗਲਜ਼, ਵਿਸਡਮ ਵਾਰੀਅਰਜ਼, ਡੀਸੀਐੱਮ ਫਲੈਮਿੰਗੋਜ਼ ਹਿੱਸਾ ਲੈਣਗੀਆਂ ਅਤੇ ਇਹ ਚੈਂਪੀਅਨਸ਼ਿਪ ਦੋ ਪੂਲਾਂ ਵਿਚ ਕਰਵਾਈ ਜਾਵੇਗੀ। ਪਹਿਲੇ ਦਿਨ ਮੈਚ ਵਿਸਡਮ ਵਾਰੀਅਰਜ਼ ਅਤੇ ਜਸਟਿਸ ਜੌਗਵਾਰ ਦੇ ਵਿਚਕਾਰ ਹੋਇਆ। ਟਾਸ ਵਿਸਡਮ ਵਾਰੀਅਰਜ਼ ਨੇ ਜਿੱਤਿਆ ਅਤੇ ਬੱਲੇਬਾਜ਼ੀ ਕਰਨ ਦਾ ਫੈਸਲਾ ਲਿਆ। ਪੂਰਾ ਮੈਚ ਬਹੁਤ ਹੀ ਰੋਮਾਂਚਕ ਰਿਹਾ ਅਤੇ ਖਿਡਾਰੀਆਂ ਨੇ ਚੌਕਿਆਂ-ਛੱਕਿਆਂ ਰਾਹੀਂ ਸਾਰਿਆਂ ਦੀ ਖੂਬ ਤਾੜੀਆਂ ਬਟੋਰੀਆਂ।